‘ਨਿਰਾਲਾ ਸਾਹਿਤ ਪ੍ਰੀਸ਼ਦ’ ਅਧੀਨ ਸੈਮੀਨਾਰ ਤੇ ਕਾਵਿ ਪ੍ਰਤੀਯੋਗਿਤਾ
ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ‘ਨਿਰਾਲਾ ਸਾਹਿਤ ਪਰਿਸ਼ਦ’ ਅਧੀਨ ਸੈਮੀਨਾਰ ਅਤੇ ਕਾਵਿ ਪ੍ਰਤੀਯੋਗਤਾ ਕਰਵਾਈ
Publish Date: Sat, 14 Mar 2026 06:07 PM (IST)
Updated Date: Sun, 15 Mar 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਹਿੰਦੀ ਵਿਭਾਗ ਵੱਲੋਂ ‘ਨਿਰਾਲਾ ਸਾਹਿਤ ਪ੍ਰੀਸ਼ਦ’ ਅਧੀਨ ਸੈਮੀਨਾਰ ਅਤੇ ਕਾਵਿ ਪ੍ਰਤੀਯੋਗਤਾ ਕਰਵਾਈ ਗਈ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਹਿੰਦੀ ਵਿਭਾਗ ਦੇ ਸਟਾਫ ਮੈਂਬਰਾਂ ਐਸੋਸੀਏਟ ਪ੍ਰੋਫੈਸਰ ਵਿਜੇ ਕੁਮਾਰ ਅਤੇ ਅਸਿਸਟੈਂਟ ਪ੍ਰੋਫੈਸਰ ਸਰੋਜ ਸ਼ਰਮਾ, ਨੀਤੀ ਸ਼ਰਮਾ, ਤਜਿੰਦਰ ਕੌਰ ਅਤੇ ਅਰੁਣ ਕੁਮਾਰ ਦੇ ਸਹਿਯੋਗ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਾਵਿ ਪ੍ਰਤੀਯੋਗਤਾ ਵਿੱਚ ਵਿਦਿਆਰਥਣਾਂ ਨਿਸ਼ਾ, ਸਲੋਨੀ, ਮਾਨਸੀ, ਪ੍ਰੀਤੀ ਸੈਣੀ, ਗੰਗਾਵਤੀ ਅਤੇ ਚਮਨਦੀਪ ਕੌਰ ਨੇ ਹਿੱਸਾ ਲਿਆ। ਹਿੰਦੀ ਵਿਭਾਗ ਦੇ ਮੁਖੀ ਵਿਜੇ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਸਾਹਿਤ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਲੜਕੀਆਂ ਨੂੰ ਸਮਾਜ ਵਿੱਚ ਮੌਜੂਦ ਸ਼ਰਾਰਤੀ ਅਨਸਰਾਂ ਤੋਂ ਸਚੇਤ ਰਹਿਣ ਅਤੇ ਵੱਧ ਤੋਂ ਵੱਧ ਸਿੱਖਿਆ ਹਾਸਲ ਕਰਕੇ ਸਮਾਜ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਿੰਦੀ ਸਾਹਿਤ ਦੇ ਅਧਿਐਨ ਨਾਲ ਅਤੀਤ, ਸੰਸਕਾਰਾਂ, ਆਦਰਸ਼ਾਂ ਅਤੇ ਮਾਨਵੀ ਮੁੱਲਾਂ ਬਾਰੇ ਡੂੰਘੀ ਸਮਝ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਵਿਦਿਆਰਥਣਾਂ ਨੇ ਕਵੀ ਨਿਰਾਲਾ ਨਾਲ ਸਬੰਧਤ ਨਾਰੀ ਅਤੇ ਸਮਾਜ ਨਾਲ ਜੁੜੇ ਵਿਸ਼ਿਆਂ ’ਤੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਮਾਂ ਨਾਲ ਸੰਬੰਧਿਤ ਕਵਿਤਾਵਾਂ ਸੁਣ ਕੇ ਹਾਜ਼ਰ ਸਾਰੇ ਲੋਕ ਭਾਵੁਕ ਹੋ ਗਏ। ਮੁਕਾਬਲੇ ’ਚ ਵਿਦਿਆਰਥਣ ਚਮਨਦੀਪ ਕੌਰ ਨੇ ਪਹਿਲਾ, ਨਿਸ਼ਾ ਨੇ ਦੂਸਰਾ ਅਤੇ ਮਾਨਸੀ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਤ ਵਿੱਚ ਅਸਿਸਟੈਂਟ ਪ੍ਰੋਫੈਸਰ ਸਰੋਜ ਸ਼ਰਮਾ ਨੇ ਨਿਰਾਲਾ ਦੀਆਂ ਕਵਿਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।