‘ਗੰਗਾ-ਜਮੁਨੀ ਹਰਮੋਨਿਅਸ ਐਵਾਰਡ’ ਕਾਮਰੇਡ ਮੱਟੂ ਤੇ ਸੋਢੀ ਨੂੰ
ਚੌਧਰੀ ਬਲਬੀਰ ਸਿੰਘ ਅਤੇ ਪ੍ਰਿੰ. ਓਮ ਪ੍ਰਕਾਸ਼ ਬੱਗਾ ਦੀ ਯਾਦ ਵਿੱਚ ‘ਗੰਗਾ-ਜਮੁਨੀ ਹਰਮੋਨਿਅਸ ਐਵਾਰਡ’ ਕਾਮਰੇਡ ਦਰਸ਼ਨ ਸਿੰਘ ਮੱਟੂ
Publish Date: Sat, 14 Mar 2026 05:46 PM (IST)
Updated Date: Sun, 15 Mar 2026 04:07 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਅਤੇ ਉੱਘੇ ਸਿਆਸਤਦਾਨ ਸਾਬਕਾ ਸੰਸਦ ਮੈਂਬਰ ਚੌਧਰੀ ਬਲਬੀਰ ਸਿੰਘ ਅਤੇ ਸਾਬਕਾ ਵਿਧਾਇਕ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਸਾਲ 2025-26 ਦਾ ਗੰਗਾ ਜਮੁਨੀ ਹਾਰਮੋਨੀਅਸ ਐਵਾਰਡ ਇਸ ਵਾਰ ਕਮਿਊਨਿਸਟ ਵਿਚਾਰਕ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਸਿੱਖ ਵਿਦਵਾਨ ਤਜਿੰਦਰ ਸਿੰਘ ਸੋਢੀ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ) ਨੂੰ ਦਿੱਤਾ ਜਾਵੇਗਾ। ਸਮਾਜਿਕ ਜਾਗਰੂਕਤਾ ਸੰਸਥਾ ਸਵੇਰਾ ਦੇ ਕਨਵੀਨਰ ਡਾ. ਅਜੇ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਵੇਂ ਸ਼ਖਸੀਅਤਾਂ ਪਿਛਲੇ 40 ਸਾਲਾਂ ਤੋਂ ਰਾਜਨੀਤੀ ’ਚ ਹੋਣ ਦੇ ਬਾਵਜੂਦ ਲੋਕ ਭਲਾਈ, ਆਪਸੀ ਭਾਈਚਾਰਕ ਸਾਂਝ ਅਤੇ ਰਾਸ਼ਟਰੀ ਏਕਤਾ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਧਰੀ ਬਲਬੀਰ ਸਿੰਘ ਅਤੇ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਨੇ ਆਪਣਾ ਸਾਰਾ ਜੀਵਨ ਧਰਮ ਨਿਰਪੱਖਤਾ ਅਤੇ ਮਨੁੱਖਤਾ ਦੀ ਸੇਵਾ ਲਈ ਲਗਾਇਆ ਸੀ, ਅਤੇ ਇਨ੍ਹਾਂ ਆਗੂਆਂ ਨੂੰ ਸਨਮਾਨਿਤ ਕਰਨ ਨਾਲ ਸਮਾਜ ਵਿੱਚ ਪਿਆਰ ਅਤੇ ਮੁਹੱਬਤ ਵਧਾਉਣ ਦੀ ਪ੍ਰਵਿਰਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਵਿੱਚ ਮਜ਼ਦੂਰ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣ ਵਾਲੇ ਇਸ ਐਵਾਰਡ ਦੌਰਾਨ ਹਰ ਸਮਾਜ ਸੇਵਕ ਨੂੰ ਯਾਦਗਾਰੀ ਚਿੰਨ੍ਹ, ਦੋਸ਼ਾਲਾ ਅਤੇ 21 ਹਜ਼ਾਰ ਰੁਪਏ ਦੀ ਰਕਮ ਭੇਂਟ ਕੀਤੀ ਜਾਵੇਗੀ। ਇਸ ਦੇ ਨਾਲ ਹੀ 15 ਵਿਦਿਆਰਥੀਆਂ ਨੂੰ ਹਰ ਮਹੀਨੇ 1000 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਇਹ ਉਹ ਵਿਦਿਆਰਥੀ ਹਨ ਜੋ ਪੜ੍ਹਾਈ ਦੇ ਨਾਲ-ਨਾਲ ਸਵੇਰੇ ਘਰ-ਘਰ ਜਾ ਕੇ ਅਖ਼ਬਾਰ ਵੰਡਣ ਦਾ ਕੰਮ ਵੀ ਕਰਦੇ ਹਨ।