ਰਾਸ਼ਟਰੀ ਮੈਰਾਥਨ’ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ
‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਸ਼ਟਰੀ ਮੈਰਾਥਨ’ ਦੀਆਂ ਤਿਆਰੀਆਂ ਸਬੰਧੀ ਏਡੀਸੀ ਨੇ ਕੀਤੀ ਸਮੀਖਿਆ ਮੀਟਿੰਗ
Publish Date: Fri, 13 Mar 2026 08:02 PM (IST)
Updated Date: Sat, 14 Mar 2026 04:13 AM (IST)

• ਸੁਰੱਖਿਆ, ਟ੍ਰੈਫਿਕ, ਸਫਾਈ, ਮੈਡੀਕਲ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਯਕੀਨੀ ਬਣਾਉਣ ਦੇ ਨਿਰਦੇਸ਼ • ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨ ਦਾ ਯਤਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 22 ਮਾਰਚ ਨੂੰ ਮਾਹਿਲਪੁਰ ਵਿੱਚ ਕਰਵਾਈ ਜਾ ਰਹੀ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਸ਼ਟਰੀ ਮੈਰਾਥਨ’ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮੈਰਾਥਨ ਦੇ ਸਫਲ ਪ੍ਰੋਗਰਾਮ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏਡੀਸੀ ਨਿਕਾਸ ਕੁਮਾਰ ਨੇ ਕਿਹਾ ਕਿ ਇਹ ਮੈਰਾਥਨ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮੈਰਾਥਨ ਸਿਰਫ਼ ਇੱਕ ਖੇਡ ਸਮਾਰੋਹ ਨਹੀਂ ਹੈ, ਸਗੋਂ ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੋ ਰਹੀ ਇਹ ਮੈਰਾਥਨ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਦੇਣ ਦਾ ਮਹੱਤਵਪੂਰਣ ਸਾਧਨ ਬਣੇਗੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਰਾਥਨ ਦੇ ਰੂਟ ਦੀ ਸਫਾਈ, ਸੁਰੱਖਿਆ ਪ੍ਰਬੰਧ, ਟ੍ਰੈਫਿਕ ਪ੍ਰਬੰਧਨ, ਪੀਣ ਵਾਲਾ ਪਾਣੀ, ਮੈਡੀਕਲ ਸਹੂਲਤਾਂ ਅਤੇ ਹਿੱਸਾ ਲੈਣ ਵਾਲਿਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਮੈਰਾਥਨ ਦੌਰਾਨ ਐਂਬੂਲੈਂਸ, ਮੈਡੀਕਲ ਟੀਮਾਂ ਅਤੇ ਵਾਲੰਟੀਅਰਾਂ ਦੀ ਤਾਇਨਾਤੀ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਏਡੀਸੀ ਨੇ ਪੁਲਿਸ ਵਿਭਾਗ ਨੂੰ ਮੈਰਾਥਨ ਦੇ ਰੂਟ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸਥਾਰਪੂਰਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਧਰ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਨੂੰ ਵੱਧ ਤੋਂ ਵੱਧ ਨੌਜਵਾਨਾਂ, ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਿਧੀ ਕੁਮੁਦ ਬੰਬਾਹ, ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ, ਐੱਸਪੀ. ਨਵਨੀਤ ਕੌਰ, ਸਹਾਇਕ ਕਮਿਸ਼ਨਰ ਓਏਸ਼ੀ ਮੰਡਲ, ਐੱਸਡੀਐੱਮ ਗੜ੍ਹਸ਼ੰਕਰ ਪਰਮਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।