ਡਾ. ਇਸ਼ਾਂਕ ਕੁਮਾਰ ਨੇ ਨਿਭਾਇਆ ਚੋਣ ਵਾਅਦਾ
ਡਾ. ਇਸ਼ਾਂਕ ਕੁਮਾਰ ਨੇ ਨਿਭਾਇਆ ਚੋਣ ਵਾਅਦਾ: ਗੜ੍ਹਸ਼ੰਕਰ–ਮੇਹਟੀਆਣਾ ਮਾਰਗ ਹੁਣ ਹੋਵੇਗਾ ‘ਬਾਬਾ ਬੰਦਾ ਸਿੰਘ ਬਹਾਦਰ ਜੀ ਮਾਰਗ’
Publish Date: Fri, 13 Mar 2026 07:58 PM (IST)
Updated Date: Sat, 14 Mar 2026 04:13 AM (IST)

ਗੜ੍ਹਸ਼ੰਕਰ–ਮੇਹਟੀਆਣਾ ਮਾਰਗ ਹੁਣ ਹੋਵੇਗਾ ‘ਬਾਬਾ ਬੰਦਾ ਸਿੰਘ ਬਹਾਦਰ ਜੀ ਮਾਰਗ’ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਕ ਮਹੱਤਵਪੂਰਨ ਫੈਸਲੇ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ ਗੜ੍ਹਸ਼ੰਕਰ–ਮੇਹਟੀਆਣਾ ਲਿੰਕ ਰੋਡ ਦਾ ਨਾਮ ਬਦਲ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ‘ਤੇ “ਬਾਬਾ ਬੰਦਾ ਸਿੰਘ ਬਹਾਦਰ ਜੀ ਮਾਰਗ” ਰੱਖਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦਿੱਤੀ। ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਇਸ ਮਹੱਤਵਪੂਰਨ ਸੜਕ ਦਾ ਨਾਮ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖਣ ਦਾ ਵਾਅਦਾ ਉਨ੍ਹਾਂ ਵੱਲੋਂ ਵਿਧਾਨ ਸਭਾ ਉਪਚੋਣ ਦੌਰਾਨ ਲੋਕਾਂ ਕੋਲੋਂ ਸਮਰਥਨ ਮੰਗਦੇ ਸਮੇਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਅਤੇ ਸਮਰਥਨ ਨਾਲ ਉਪਚੋਣ ਜਿੱਤਣ ਤੋਂ ਬਾਅਦ ਉਹ ਇਸ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਰਹੇ ਅਤੇ ਇਸ ਮਾਮਲੇ ਨੂੰ ਸਰਕਾਰ ਅਤੇ ਮੰਡੀ ਬੋਰਡ ਦੇ ਸਾਹਮਣੇ ਉਠਾ ਕੇ ਮਨਜ਼ੂਰੀ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਮਨਜ਼ੂਰੀ ਮਿਲਣ ਨਾਲ ਸਥਾਨਕ ਵਸਨੀਕਾਂ ਅਤੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋ ਗਈ ਹੈ। ਇਸ ਨਾਲ ਉਹਨਾਂ ਸਭ ਲੋਕਾਂ ਨੂੰ ਬੇਹੱਦ ਖੁਸ਼ੀ ਹੋਵੇਗੀ ਜੋ ਸਿੱਖ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਬਲਿਦਾਨ ਅਤੇ ਯੋਗਦਾਨ ਨੂੰ ਉੱਚ ਸਨਮਾਨ ਨਾਲ ਯਾਦ ਕਰਦੇ ਹਨ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਹਸ, ਬਲਿਦਾਨ ਅਤੇ ਇਨਸਾਫ਼ ਪ੍ਰਤੀ ਉਨ੍ਹਾਂ ਦੀ ਅਟੱਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਇਸ ਮਹਾਨ ਸ਼ਹੀਦ ਯੋਧੇ ਦੇ ਨਾਮ ‘ਤੇ ਸੜਕ ਦਾ ਨਾਮਕਰਨ ਉਨ੍ਹਾਂ ਦੀ ਵਿਰਾਸਤ ਨੂੰ ਨਿਮਰ ਸ਼ਰਧਾਂਜਲੀ ਹੈ ਅਤੇ ਪੂਰੇ ਖੇਤਰ ਲਈ ਮਾਣ ਦੀ ਗੱਲ ਹੈ। ਉਨ੍ਹਾਂ ਇਸ ਪ੍ਰਸਤਾਵ ਨੂੰ ਸਮਰਥਨ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮੰਡੀ ਬੋਰਡ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ, ਆਸਥਾ ਅਤੇ ਇਤਿਹਾਸ ਦਾ ਸਤਿਕਾਰ ਕਰਨਾ ਸਰਕਾਰ ਦੀ ਪਹਿਲ ਹੈ।