ਬੱਸ ਹਾਦਸੇ ‘ਚ ਬਜ਼ੁਰਗ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ
ਬੱਸ ਹਾਦਸੇ ‘ਚ ਬਜ਼ੁਰਗ ਦੀ ਮੌਤ ਤੋਂ ਬਾਅਦ ਭੜਕਿਆ ਗੁੱਸਾ; ਹਾਦਸੇ ਦੇ ਵਿਰੋਧ ‘ਚ ਪਰਿਵਾਰਕ
Publish Date: Fri, 13 Mar 2026 07:23 PM (IST)
Updated Date: Sat, 14 Mar 2026 04:13 AM (IST)

ਹੁਸ਼ਿਆਰਪੁਰ-ਜਲੰਧਰ ਸੜਕ ’ਤੇ ਆਵਾਜਾਈ ਦੋ ਘੰਟੇ ਰਹੀ ਜਾਮ ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ/ਨਸਰਾਲਾ : ਪਿੰਡ ਚੱਕ ਗੁੱਜਰਾਂ ਨੇੜੇ ਹੋਏ ਸੜਕ ਹਾਦਸੇ ‘ਚ ਬਜ਼ੁਰਗ ਦੀ ਮੌਤ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਅੱਡਾ ਚੱਕ ਗੁੱਜਰਾਂ ਦੇ ਦੁਕਾਨਦਾਰਾਂ ਨੇ ਸ਼ੁੱਕਰਵਾਰ ਸਵੇਰੇ ਹੁਸ਼ਿਆਰਪੁਰ–ਜਲੰਧਰ ਸੜਕ ‘ਤੇ ਧਰਨਾ ਲਾ ਕੇ ਆਵਾਜਾਈ ਜਾਮ ਕਰ ਦਿੱਤੀ। ਰੇਸ਼ਮ ਸਿੰਘ ਦੇ ਪੁੱਤਰ ਬਲਰਾਮ ਸਿੰਘ ਦੀ ਅਗਵਾਈ ਹੇਠ ਲਗੇ ਇਸ ਧਰਨੇ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਨੇ ਹਾਦਸੇ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਮੁਤਾਬਕ ਸਵੇਰੇ ਪਿੰਡ ਚੱਕ ਗੁੱਜਰਾਂ ਨੇੜੇ ਇੱਕ ਤੇਜ਼ ਰਫ਼ਤਾਰ ਨਿੱਜੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 73 ਸਾਲਾ ਰੇਸ਼ਮ ਸਿੰਘ, ਵਾਸੀ ਕੀਰਤੀ ਨਗਰ ਹੁਸ਼ਿਆਰਪੁਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਰੇਸ਼ਮ ਸਿੰਘ ਆਪਣੇ ਐਕਟਿਵਾ ਸਕੂਟਰ ‘ਤੇ ਜਾ ਰਹੇ ਸਨ। ਜਦੋਂ ਉਹ ਚੱਕ ਗੁੱਜਰਾਂ ਨੇੜੇ ਪਹੁੰਚੇ ਤਾਂ ਜਲੰਧਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਦੇ ਸਕੂਟਰ ਨਾਲ ਸਿੱਧੀ ਟੱਕਰ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਤੋਂ ਬਾਅਦ ਵੀ ਬੱਸ ਨਹੀਂ ਰੁਕੀ ਅਤੇ ਸਕੂਟਰ ਸਮੇਤ ਰੇਸ਼ਮ ਸਿੰਘ ਨੂੰ ਕਾਫ਼ੀ ਦੂਰੀ ਤੱਕ ਘਸੀਟਦੀ ਹੋਈ ਲੈ ਗਈ। ਹਾਦਸੇ ਤੋਂ ਬਾਅਦ ਬੱਸ ਦਾ ਚਾਲਕ ਅਤੇ ਕੰਡਕਟਰ ਵਾਹਨ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ। ਬਾਅਦ ਵਿੱਚ ਥਾਣਾ ਬੁੱਲੋਵਾਲ ਦੇ ਐੱਸਐੱਚਓ ਐਸਆਈ ਪਰਵਿੰਦਰ ਸਿੰਘ ਅਤੇ ਨਿੱਜੀ ਟਰਾਂਸਪੋਰਟ ਕੰਪਨੀ ਦਾ ਇੱਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪਰਿਵਾਰਕ ਮੈਂਬਰਾਂ ਵੱਲੋਂ ਚਾਲਕ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ‘ਤੇ ਟਰਾਂਸਪੋਰਟ ਕੰਪਨੀ ਦੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਬੱਸ ਦੇ ਚਾਲਕ ਨੂੰ 14 ਮਾਰਚ ਨੂੰ ਥਾਣਾ ਬੁੱਲੋਵਾਲ ਵਿਖੇ ਪੇਸ਼ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਦੁਪਹਿਰ ਕਰੀਬ 1.10 ਵਜੇ ਆਵਾਜਾਈ ਮੁੜ ਚਾਲੂ ਕਰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।