2 ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨਹੀਂ ਬਣਵਾ ਸਕੀ ਪੁਲੀ
ਦੋ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨਹੀਂ ਬਣਵਾ ਸਕੀ ਪੁਲੀ : ਭੁੱਲੇਵਾਲ ਰਾਠਾਂ
Publish Date: Fri, 13 Mar 2026 07:15 PM (IST)
Updated Date: Sat, 14 Mar 2026 04:12 AM (IST)

ਗੜ੍ਹਸ਼ੰਕਰ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਕਾਰਨ ਰਾਹਗੀਰ ਪਰੇਸ਼ਾਨ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਅੱਡਾ ਝੁੰਗੀਆ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਖ਼ਸਤਾ ਹਾਲਤ ਕਾਰਨ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਪ੍ਰੇਸ਼ਾਨੀ ਵੱਲ ਨਾ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ। ਜਿਸ ਦੇ ਮੱਦੇਨਜ਼ਰ ਕੱਲ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮੋਕੇ ’ਤੇ ਪਹੁੰਚ ਕੇ ਟੁੱਟੀ ਹੋਈ ਸੜਕ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੀਨਾਰ-ਏ-ਬੇਗਮਪੁਰਾ ਦੀ ਆਲੀਸ਼ਾਨ ਇਮਾਰਤ ਦਾ ਕੰਮ ਕਰੌੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਸੀ, ਜਿਸ ਦਾ 80 ਫੀਸਦੀ ਕੰਮ ਨੇਪਰੇ ਚਾੜ੍ਹ ਕੇ ਸੰਗਤਾਂ ਦੇ ਜਾਣ ਲਈ 18 ਫੁੱਟ ਆਲੀਸ਼ਾਨ ਸੜਕ ਬਣਾ ਕੇ ਦਿੱਤੀ। 2023 ’ਚ ਇਸ ਸੜਕ ਤੇ ਬਰਸਾਤ ਦੌਰਾਨ ਪੁੱਲੀ ਹੜ੍ਹ ਗਈ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਟੁੱਟੀ ਹੋਈ ਪੁੱਲੀ ਨੂੰ ਬਣਾਉਣ ਵਿੱਚ ਪੰਜਾਬ ਸਰਕਾਰ ਅਸਫਲ ਰਹੀ ਹੈ। ਭਾਵੇਂ ਮੌਜੂਦਾ ਸਰਕਾਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ ’ਚ ਕਰਵਾਏ ਰਾਜ ਪੱਧਰੀ ਸਮਾਗਮ ’ਤੇ ਕਰੋੜਾਂ ਰੁਪਏ ਖ਼ਰਚ ਦਿੱਤੇ ਪਰ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਇੱਕ ਪੁੱਲੀ ਦਾ ਨਿਰਮਾਣ ਨਹੀਂ ਕਰਵਾ ਸਕੀ। ਅਗਲੇ ਮਹੀਨੇ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਅਤੇ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣਗੀਆਂ। ਇਸ ਲਈ ਸੂਬਾ ਸਰਕਾਰ ਤੁਰੰਤ ਇਸ ਪੁੱਲੀ ਦਾ ਨਿਰਮਾਣ ਕਰਵਾਏ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਸਰਕਲ ਪ੍ਰਧਾਨ ਜਗਦੇਵ ਸਿੰਘ, ਸ਼ੇਰ ਸਿੰਘ ਅਤੇ ਹੋਰ ਹਾਜ਼ਰ ਸਨ।