ਡਾ. ਮਨਮੋਹਨ ਨੂੰ ‘ਮੌਨ-ਮੋਹਨ’ ਕਹਿਣ ਵਾਲੇ ਅੱਜ ਖੁਦ ਮੌਨ : ਸ਼ਰਮਾ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ “ਮੌਨ-ਮੋਹਨ” ਕਹਿਣ ਵਾਲੇ ਅੱਜ ਖੁਦ ਮੌਨ — ਰਾਜੀਵ ਸ਼ਰਮਾ
Publish Date: Fri, 13 Mar 2026 05:30 PM (IST)
Updated Date: Sat, 14 Mar 2026 04:07 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਕਾਂਗਰਸ ਆਗੂ ਰਾਜੀਵ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੌਨ-ਮੋਹਨ’ ਕਹਿ ਕੇ ਸੰਬੋਧਨ ਕੀਤਾ ਸੀ ਪਰ ਅੱਜ ਮੋਦੀ ਦੀ ਹੈਰਾਨ ਕਰ ਦੇਣ ਵਾਲੀ ਚੁੱਪੀ ਨੂੰ ਕੀ ਕਿਹਾ ਜਾਵੇ? ਜੇ ਕੋਈ ਸਰਕਾਰ ਤੋਂ ਸਵਾਲ ਕਰੇ ਤਾਂ ਉਸਨੂੰ ਦੇਸ਼ਦ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਗਲਤੀਆਂ ਖੁਦ ਕਰਦੀ ਹੈ ਅਤੇ ਦੋਸ਼ ਵਿਰੋਧੀ ਪਾਰਟੀਆਂ ’ਤੇ ਲਾ ਦਿੰਦੀ ਹੈ। 3 ਜਨਵਰੀ 2014 ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਦੇਸ਼ ਲਈ “ਡਿਜ਼ਾਸਟਰ” ਸਾਬਤ ਹੋ ਸਕਦਾ ਹੈ। ਇਹ ਗੱਲ ਇੰਡੀਆ ਟੁਡੇ ਦੀ ਇੱਕ ਵੀਡੀਓ ਰਿਪੋਰਟ ਵਿੱਚ ਵੀ ਦਰਸਾਈ ਗਈ ਸੀ। ਰਾਜੀਵ ਸ਼ਰਮਾ ਨੇ ਕਿਹਾ ਕਿ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਈ ਤੱਥ ਅਣਦੇਖੇ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ “56 ਇੰਚ ਛਾਤੀ” ਵਾਲੇ ਅਤੇ ਆਪਣੇ ਆਪ ਨੂੰ ਵਿਸ਼ਵਗੁਰੂ ਕਹਿਣ ਵਾਲੇ ਨੇਤਾ ਅੱਜ ਅਮਰੀਕਾ ਦੇ ਦਬਾਅ ਹੇਠ ਕੰਮ ਕਰਦੇ ਨਜ਼ਰ ਆ ਰਹੇ ਹਨ। “ਮੈਂ ਦੇਸ਼ ਨਹੀਂ ਝੁਕਣ ਦਿਆਂਗਾ, ਮੈਂ ਦੇਸ਼ ਨਹੀਂ ਵਿਕਣ ਦਿਆਂਗਾ” ਜਿਹੇ ਨਾਰਿਆਂ ‘ਤੇ ਵੀ ਉਨ੍ਹਾਂ ਸਵਾਲ ਉਠਾਏ। ਉਨ੍ਹਾਂ ਮਹਿੰਗਾਈ, ਗੈਸ ਸਿਲੰਡਰ ਦੀਆਂ ਕੀਮਤਾਂ, ਦੇਸ਼ ਦੀ ਆਰਥਿਕ ਹਾਲਤ ਅਤੇ ਧਾਰਮਿਕ ਮਾਮਲਿਆਂ ਨੂੰ ਰਾਜਨੀਤੀ ਲਈ ਵਰਤਣਾ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਗੱਲ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਭੁੱਖਮਰੀ, ਮਹਿੰਗਾਈ ਤੇ ਹੋਰ ਸਮੱਸਿਆਵਾਂ ਅਜੇ ਵੀ ਮੌਜੂਦ ਹਨ।