ਵਿਦਿਆਰਥੀਆਂ ਦੀ 3 ਰੋਜ਼ਾ ਸਮੂਹਿਕ ਵਿਚਾਰ-ਚਰਚਾ ਕਰਵਾਈ
ਵਿਦਿਆਰਥੀਆਂ ਦੀ ਤਿੰਨ ਰੋਜ਼ਾ ਸਮੂਹਿਕ ਵਿਚਾਰ-ਚਰਚਾ ਕਰਵਾਈ
Publish Date: Fri, 13 Mar 2026 04:55 PM (IST)
Updated Date: Sat, 14 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜ਼ਿਜ਼ ਪੰਡੋਰੀ ਭਗਤ ਮੁਕੇਰੀਆਂ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਕਾਲਜ ਜੀਵਨ ਦੀ ਵਿਦਿਆਰਥੀ ਦੇ ਭਵਿੱਖ ਵਿੱਚ ਭੂਮਿਕਾ ਵਿਸ਼ੇ ਤੇ ਤਿੰਨ ਰੋਜ਼ਾ ਸਮੂਹਿਕ ਵਿਚਾਰ-ਚਰਚਾ ਕਰਵਾਈ ਗਈ। ਚਰਚਾ ਦਾ ਸੰਚਾਲਨ ਅਸਿਸਟੈਂਟ ਪ੍ਰੋਫੈੱਸਰ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਸਿਮਰਨਜੀਤ ਕੌਰ ਅਤੇ ਵਿਭਾਗੀ ਮੁੱਖੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਤੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਤੀਵਿਧੀ ਵਿਦਿਆਰਥੀਆਂ ਦੇ ਸੰਚਾਰ ਹੁਨਰ, ਆਲੋਚਨਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਕਰੀਅਰ ਲਈ ਤਿਆਰੀ ਨੂੰ ਵਧਾਉਣ ਤੇ ਕੇਂਦ੍ਰਿਤ ਸੀ, ਜਿਸ ਤਹਿਤ ਮੈਨੇਜਮੈਂਟ, ਕੰਪਿਊਟਰ, ਇੰਜੀਨੀਰਿੰਗ ਅਤੇ ਅਲਾਈਡ ਹੈੱਲਥ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਵਿਚਾਰ-ਚਰਚਾ ਦੌਰਾਨ ਵਿਦਿਆਰਥੀਆਂ ਨੇ ਕਾਲਜ ਜੀਵਨ ਦੌਰਾਨ ਹਾਸਲ ਹੁਨਰ, ਤਕਨੀਕੀ ਸਿੱਖਿਆ ਦੇ ਵਿਵਹਾਰਿਕ ਪਹਿਲੂ, ਉਦਯੋਗਿਕ ਲੋੜਾਂ ਅਨੁਸਾਰ ਤਿਆਰੀ, ਲੀਡਰਸ਼ਿਪ ਗੁਣ, ਟੀਮ ਵਰਕ, ਸਮੱਸਿਆ ਹੱਲ ਕਰਨ ਦੀਆਂ ਤਕਨੀਕਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਖ਼ੁਦ ਦੀ ਤਿਆਰੀ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਡਾ. ਵਿਜੇਤਾ ਸ਼ਰਮਾ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿੱਚ ਸਿਰਫ਼ ਕਿਤਾਬੀ ਗਿਆਨ ਹੀ ਕਾਫੀ ਨਹੀਂ, ਸਗੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਜੀਵਨ ਵਿਦਿਆਰਥੀਆਂ ਲਈ ਸਭ ਤੋਂ ਅਹਿਮ ਪੜਾਅ ਹੁੰਦਾ ਹੈ ਜਿੱਥੇ ਉਹ ਨਾ ਸਿਰਫ਼ ਆਪਣੇ ਵਿਸ਼ੇ ਦੀ ਗਹਿਰਾਈ ਤੋਂ ਜਾਣੂ ਹੁੰਦੇ ਹਨ ਸਗੋਂ ਜੀਵਨ ਲਈ ਲੋੜੀਂਦੇ ਜ਼ਰੂਰੀ ਹੁਨਰ ਵੀ ਹਾਸਲ ਕਰਦੇ ਹਨ। ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਅਤੇ ਡਾ ਕਮਲ ਕਿਸ਼ੋਰ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।