ਪੰਕਜ ਗਰਗ ਦੇ ਦੇਹਾਂਤ ’ਤੇ ਬਾਰ ਐਸੋਸੀਏਸ਼ਨ ਵੱਲੋਂ ਸ਼ਰਧਾਂਜਲੀ
ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦੇ ਦੇਹਾਂਤ ‘ਤੇ ਬਾਰ ਐਸੋਸੀਏਸ਼ਨ ਵੱਲੋਂ ਸ਼ਰਧਾਂਜਲੀ
Publish Date: Thu, 12 Mar 2026 08:37 PM (IST)
Updated Date: Fri, 13 Mar 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਗਰਗ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਕਰੀਬ 28 ਸਾਲ ਦੇ ਸਨ। ਇੰਨੀ ਛੋਟੀ ਉਮਰ ਵਿੱਚ ਉਨ੍ਹਾਂ ਦੇ ਬੇਵਕਤੀ ਦੇਹਾਂਤ ਨਾਲ ਨਿਆਂਇਕ ਭਾਈਚਾਰੇ ਵਿੱਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਸ਼ੋਕ ਸਭਾ ਕਰਵਾਈ ਗਈ, ਜਿਸ ਵਿੱਚ ਵਕੀਲਾਂ ਅਤੇ ਹੋਰ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੀਐੱਸ ਘੁੰਮਣ ਨੇ ਦੱਸਿਆ ਕਿ ਪੰਕਜ ਗਰਗ ਹਰਿਆਣਾ ਰਾਜ ਨਾਲ ਸਬੰਧਿਤ ਸਨ। ਉਨ੍ਹਾਂ ਦਾ ਸਵੇਰੇ ਆਪਣੇ ਨਿਵਾਸ ਸਥਾਨ ’ਤੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਸ਼ਿਆਰਪੁਰ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਆਪਣੇ ਨਾਲ ਲੈ ਗਏ। ਐਡਵੋਕੇਟ ਘੁੰਮਣ ਨੇ ਕਿਹਾ ਕਿ ਪੰਕਜ ਗਰਗ ਇੱਕ ਹੋਣਹਾਰ ਅਤੇ ਇਮਾਨਦਾਰ ਨਿਆਂਇਕ ਅਧਿਕਾਰੀ ਸਨ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਨਿਆਂਇਕ ਪ੍ਰਣਾਲੀ ਨੂੰ ਵੱਡਾ ਨੁਕਸਾਨ ਹੋਇਆ ਹੈ।