ਅਕਾਲੀ ਦਲ ਦੇ ਯੂਥ ਤੇ ਮਹਿਲਾ ਵਿੰਗ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਮਹਿਲਾਵਾਂ ਬਾਰੇ ਟਿੱਪਣੀਆਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਤੇ ਮਹਿਲਾ ਵਿੰਗ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ
Publish Date: Thu, 12 Mar 2026 07:53 PM (IST)
Updated Date: Fri, 13 Mar 2026 04:10 AM (IST)

ਔਰਤਾਂ ਬਾਰੇ ਟਿੱਪਣੀਆਂ ਦਾ ਕੀਤਾ ਵਿਰੋਧ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਅਤੇ ਮਹਿਲਾ ਵਿੰਗ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵੀਰਵਾਰ ਸ਼ਾਮ ਹੁਸ਼ਿਆਰਪੁਰ ਦੇ ਧੋਬੀ ਘਾਟ ਨਜਦੀਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਅਰਮਿੰਦਰ ਸਿੰਘ ਹੁਸੈਨਪੁਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸ਼ਹਿਰੀ ਹੁਸ਼ਿਆਰਪੁਰ ਅਤੇ ਮਹਿਲਾ ਆਗੂ ਨੀਤੀ ਤਲਵਾੜ ਨੇ ਕੀਤੀ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਮਹਿਲਾਵਾਂ ਬਾਰੇ ਕੀਤੀਆਂ ਟਿੱਪਣੀਆਂ ਨਿੰਦਣਯੋਗ ਹਨ ਅਤੇ ਇਸ ਨਾਲ ਪੰਜਾਬ ਦੀਆਂ ਔਰਤਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਹਮੇਸ਼ਾਂ ਤੋਂ ਹੀ ਔਰਤਾਂ ਦੀ ਇੱਜ਼ਤ ਅਤੇ ਸਤਿਕਾਰ ਕਰਦਾ ਆਇਆ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਔਰਤਾਂ ਨੂੰ ਸਮਾਨ ਮਾਣ-ਸਨਮਾਨ ਦਿੱਤਾ ਜਾਂਦਾ ਰਿਹਾ ਹੈ। ਮਹਿਲਾ ਆਗੂ ਨੀਤੀ ਤਲਵਾੜ ਨੇ ਕਿਹਾ ਕਿ ਪੰਜਾਬੀ ਸਮਾਜ ਦੁਨੀਆ ਭਰ ਵਿੱਚ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਇੱਥੇ ਮਾਵਾਂ, ਭੈਣਾਂ ਅਤੇ ਧੀਆਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨਾਲੋਂ ਵੱਧ ਆਪਣੀ ਇੱਜ਼ਤ ਤੇ ਮਾਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।