ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 2 ਵਿਅਕਤੀ ਕਾਬੂ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋ ਵਿਅਕਤੀ ਕਾਬੂ
Publish Date: Thu, 12 Mar 2026 06:51 PM (IST)
Updated Date: Fri, 13 Mar 2026 04:10 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਚੱਬੇਵਾਲ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਗੁਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਸਰਿਆਲਾ ਕਲਾਂ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਪੈਦਲ ਆ ਰਿਹਾ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਦੱਸਿਆ ਕਿ ਸ਼ੱਕ ਦੇ ਅਧਾਰ ਤੇ ਕਾਬੂ ਕੀਤੇ ਗਏ ਉਕਤ ਨੌਜਵਾਨ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਡਾਡੀਆ ਵਜੋਂ ਹੋਈ ਹੈ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਉਸ ਕੋਲੋਂ ਕਥਿਤ ਤੌਰ ਤੇ 44 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਬਾਕਸ-- ਮਾਡਲ ਟਾਊਨ ਪੁਲਿਸ: ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਇੱਕ ਕਾਬੂ ਇੱਕ ਹੋਰ ਮਾਮਲੇ ਵਿੱਚ, ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐਸ.ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਿੰਡ ਪਿੱਪਲਾਵਾਲਾ ਟੀ-ਪੁਆਇੰਟ ਤੇ ਚੈਕਿੰਗ ਕਰ ਰਹੇ ਸਨ, ਤਾਂ ਚੰਡੀਗੜ੍ਹ ਬਾਈਪਾਸ ਵੱਲੋਂ ਆ ਰਹੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਰੋਕਿਆ ਗਿਆ। ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ, ਵਾਸੀ ਜਹਾਨਖੇਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਨੌਜਵਾਨ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਅਤੇ ਉਸ ਦੀ ਹਾਲਤ ਨਸ਼ੇ ਵਿੱਚ ਜਾਪਦੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਡੋਪ ਟੈਸਟ ਦੌਰਾਨ ਮੁਲਜ਼ਮ ਦੀ ਰਿਪੋਰਟ ਵਿੱਚ ਮੋਰਫਿਨ ਸਮੇਤ ਹੋਰ ਨਸ਼ੇ ਪਾਜ਼ੇਟਿਵ ਪਾਏ ਗਏ ਹਨ। ਪੁਲਿਸ ਮੁਤਾਬਕ ਮੁਲਜ਼ਮ ਨੇ ਕਥਿਤ ਤੌਰ ਤੇ ਕਬੂਲਿਆ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।