ਵਿੱਤ ਮੰਤਰੀ ਚੀਮਾ ਖਿਲਾਫ਼ ਕਾਂਗਰਸ ਵੱਲੋਂ ਪੁਤਲਾ ਫੂਕ ਰੋਸ ਮੁਜ਼ਾਹਰਾ
ਵਿੱਤ ਮੰਤਰੀ ਚੀਮਾ ਖਿਲਾਫ਼ ਕਾਂਗਰਸ ਵੱਲੋਂ ਪੁਤਲਾ ਫੂਕ ਰੋਸ ਮੁਜ਼ਾਹਿਰਾ
Publish Date: Thu, 12 Mar 2026 06:37 PM (IST)
Updated Date: Fri, 13 Mar 2026 04:09 AM (IST)

ਵਿਧਾਨ ਸਭਾ ’ਚ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ : ਢਾਡੇਕਟਵਾਲ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ 1000 ਰੁਪਏ ਵਾਲੇ ਬਿਆਨ ’ਤੇ ਸਪੱਸ਼ਟੀਕਰਨ ਦੇਣ ਪੁੱਜੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ਼ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਦੀ ਅਸਮਾਜਿਕ ਤੇ ਗੈਰ-ਸੰਵਿਧਾਨ ਭਾਸ਼ਾ ਤੇ ਵਤੀਰੇ ਖਿਲਾਫ਼ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਅਤੇ ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਪਰਮਵੀਰ ਸਿੰਘ ਢਾਡੇਕਟਵਾਲ ਦੀ ਅਗਵਾਈ ਵਿੱਚ ਵਿੱਤ ਮੰਤਰੀ ਚੀਮਾ ਖਿਲਾਫ਼ ਪੁਤਲਾ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਅਤੇ ਵਿੱਤ ਮੰਤਰੀ ਚੀਮਾ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਢਾਡੇਕਟਵਾਲ ਅਤੇ ਹੋਰ ਕਾਂਗਰਸੀ ਆਗੂਆਂ ਨੇ ਵਿੱਤ ਮੰਤਰੀ ਚੀਮਾ ਦੇ ਵਿਧਾਨ ਸਭਾ ਵਿੱਚ ਵਰਤੇ ਗਏ ਲਹਿਜ਼ੇ ਅਤੇ ਭਾਸ਼ਾ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਇਸ ਤਰ੍ਹਾਂ ਦੀ ਗੈਰਸੰਵਿਧਾਨਕ ਭਾਸ਼ਾ ਅਤੇ ਵਤੀਰਾ ਵਿਧਾਨ ਸਭਾ ਅਤੇ ਸਦਨ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਖ਼ਿਲਾਫ਼ ਨਿੰਦਾ ਮਤਾ ਪਾਸ ਕਰਨਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਸੁਣਨ ਤੋਂ ਪਹਿਲਾਂ ਮਾਫ਼ੀ ਮੰਗਣ ਲਈ ਮਜ਼ਬੂਰ ਕਰਨਾ ਸਰਾਸਰ ਧੱਕੇਸ਼ਾਹੀ ਅਤੇ ਗੈਰਸੰਵਿਧਾਨਕ ਕਦਮ ਹੈ। ਵਿੱਤ ਮੰਤਰੀ ਵੱਲੋਂ ਵਰਤੀ ਗਈ ਸ਼ਬਦਾਵਲੀ ਨੇ ਨਾ ਸਿਰਫ਼ ਵਿਧਾਨ ਸਭਾ ਦੀ ਗੰਭੀਰਤਾ ਨੂੰ ਠੇਸ ਪਹੁੰਚਾਈ ਹੈ, ਸਗੋਂ ਇਸ ਨਾਲ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਸਿਆਸੀ ਨੁਮਾਇੰਦਿਆਂ ਪ੍ਰਤੀ ਨਕਾਰਾਤਮਕ ਭਾਵਨਾ ਵੀ ਪੈਦਾ ਹੋਈ ਹੈ, ਜੇਕਰ ਸੱਤਾਧਾਰੀ ਧਿਰ ਦੇ ਵਿਧਾਇਕ ਕਾਂਗਰਸੀ ਵਿਧਾਇਕ ਖ਼ਿਲਾਫ਼ ਮਤਾ ਪੇਸ਼ ਕਰ ਸਕਦੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਮੁੱਖ ਮੰਤਰੀ ਖ਼ਿਲਾਫ਼ ਆਪਣੇ ਮਤੇ ਪੇਸ਼ ਕਰਨ ਦਾ ਸਮਾਨ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ, ਜੋ ਲੋਕਤੰਤਰਿਕ ਪਰੰਪਰਾਵਾਂ ਦੇ ਉਲਟ ਹੈ। ਕਾਂਗਰਸੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਇਸੇ ਤਰ੍ਹਾਂ ਦਬਾਇਆ ਗਿਆ ਤਾਂ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਸੰਘਰਸ਼ ਆਰੰਭੇਗੀ। ਇਸ ਮੌਕੇ ਪ੍ਰਿੰਸ ਸ਼ਰਮਾ, ਸਤਿੰਦਰ ਸਿੰਘ ਖਿਜ਼ਰਪੁਰ, ਬਲਵੀਰ ਸਿੰਘ ਭਵਨਾਲ, ਕਮਲਜੀਤ ਸਿੰਘ, ਸਮਸ਼ੇਰ ਸਿੰਘ ਕੋਠੇ, ਸ਼ਾਮ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਬਲਵੀਰ ਸਿੰਘ ਅਜਮੇਰ, ਰਜਤ ਕੁਮਾਰ, ਮਲਕੀਤ ਸਿੰਘ ਸਿੱਬੋਚੱਕ, ਗੋਲਡੀ ਹਾਜੀਪੁਰ, ਮੋਹਣ ਸਿੰਘ ਕੁੱਲੀਆਂ ਲੁਬਾਣਾ, ਦਾਸ ਕੁੱਲੀਆਂ, ਗਗਨ ਹਾਜੀਪੁਰ ਆਦਿ ਨੇ ਰੋਸ ਮੁਜ਼ਾਹਰੇ ’ਚ ਸ਼ਮੂਲੀਅਤ ਕੀਤੀ।