ਲੇਬਰ ਪਾਰਟੀ ਦਾ ਅਨੋਖਾ ਪ੍ਰਦਰਸ਼ਨ; ਸਿਰ ’ਤੇ ਸਿਲੰਡਰ ਚੁੱਕ ਕੇ ਜਤਾਇਆ ਰੋਸ
ਪੈਟਰੋਲੀਅਮ ਕੰਪਨੀਆਂ ਅਤੇ ਸਰਕਾਰਾਂ ਦੀ ਮਾੜੀ ਮੈਨੇਜਮੈਂਟ ਵਿਰੁੱਧ ਲੇਬਰ ਪਾਰਟੀ ਦਾ ਅਨੋਖਾ ਪ੍ਰਦਰਸ਼ਨ; ਸਿਰ 'ਤੇ ਗੈਸ ਸਿਲੰਡਰ ਚੁੱਕ ਕੇ ਜਤਾਇਆ ਰੋਸ
Publish Date: Thu, 12 Mar 2026 06:34 PM (IST)
Updated Date: Fri, 13 Mar 2026 04:07 AM (IST)

ਪੈਟਰੋਲੀਅਮ ਕੰਪਨੀਆਂ ਤੇ ਸਰਕਾਰਾਂ ਦੀ ਮਾੜੀ ਮੈਨੇਜਮੈਂਟ ਵਿਰੁੱਧ ਲੋਕਾਂ ’ਚ ਰੋਹ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੈਟਰੋਲੀਅਮ ਕੰਪਨੀਆਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀ ਕਥਿਤ ਮਾੜੀ ਮੈਨੇਜਮੈਂਟ ਕਾਰਨ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਆ ਰਹੀਆਂ ਦਿੱਕਤਾਂ ਦੇ ਵਿਰੁੱਧ ਅੱਜ ਲੇਬਰ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੁਖਰਾਜ ਸਿੰਘ ਨੇ ਆਪਣੇ ਸਿਰਾਂ ਉੱਤੇ ਗੈਸ ਸਿਲੰਡਰ ਚੁੱਕ ਕੇ ਸਰਕਾਰਾਂ ਅਤੇ ਕੰਪਨੀਆਂ ਖ਼ਿਲਾਫ਼ ਪ੍ਰਤੀਕਾਤਮਕ ਪ੍ਰਦਰਸ਼ਨ ਕੀਤਾ। ਇਸ ਮੌਕੇ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਪੈਟਰੋਲੀਅਮ ਕੰਪਨੀਆਂ ਦੀ ਕਥਿਤ ਕਮਜ਼ੋਰ ਪ੍ਰਬੰਧਕੀ ਕਾਰਨ ਵਪਾਰਿਕ ਵਰਤੋਂ ਵਾਲੇ 19 ਕਿਲੋ ਦੇ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਦਕਿ ਘਰੇਲੂ ਗੈਸ ਦੇ 14 ਕਿਲੋ 200 ਗ੍ਰਾਮ ਵਾਲੇ ਸਿਲੰਡਰਾਂ ਦੀ ਬੁਕਿੰਗ ਲਈ 25 ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੁਕਿੰਗ ਸਮੇਂ ਕੰਪਨੀਆਂ ਦੇ ਸਰਵਰ ਡਾਊਨ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੀਮਾਨ ਨੇ ਕਿਹਾ ਕਿ ਗੈਸ ਸਪਲਾਈ ਵਿੱਚ ਦੇਰੀ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸਪਲਾਈ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸਲ ਜ਼ਿੰਮੇਵਾਰੀ ਪੈਟਰੋਲੀਅਮ ਕੰਪਨੀਆਂ ਅਤੇ ਸਰਕਾਰਾਂ ਦੀ ਹੈ, ਜਿਨ੍ਹਾਂ ਵੱਲੋਂ ਢੁਕਵੀਂ ਯੋਜਨਾ ਬਣਾਉਣ ਵਿੱਚ ਨਾਕਾਮੀ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਸ ਦੀ ਵਧਦੀ ਕੀਮਤ ਕਾਰਨ ਗਰੀਬ ਅਤੇ ਮੱਧ ਵਰਗ ਦੇ ਲੋਕ ਸਿਲੰਡਰ ਦੀ ਵਰਤੋਂ ਘਟਾ ਰਹੇ ਹਨ ਅਤੇ ਲੱਕੜਾਂ ਦੇ ਚੁੱਲ੍ਹੇ ਬਾਲਣ ਲਈ ਮਜਬੂਰ ਹੋ ਰਹੇ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ਅਤੇ ਵਾਤਾਵਰਣ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੇ ਸਬਸਿਡੀ ਦੇ ਮਾਮਲੇ ਵਿੱਚ ਸੰਵਿਧਾਨਕ ਵਿਤਕਰੇ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਖਪਤਕਾਰ ਨੂੰ ਸਿਰਫ਼ 26.62 ਰੁਪਏ ਸਬਸਿਡੀ ਮਿਲਦੀ ਹੈ, ਜਦਕਿ ਉੱਜਵਲਾ ਯੋਜਨਾ ਤਹਿਤ ਇਹ 326.62 ਰੁਪਏ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਿਲੰਡਰ ਅਤੇ ਨਾਗਰਿਕ ਇੱਕੋ ਜਿਹੇ ਹਨ ਤਾਂ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਸ ਸਪਲਾਈ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇ, ਕੀਮਤਾਂ ‘ਤੇ ਨਿਯੰਤਰਣ ਕੀਤਾ ਜਾਵੇ ਅਤੇ ਹਰ ਬਲਾਕ ਵਿੱਚ ਛੋਟੇ ਬੋਟਲਿੰਗ ਪਲਾਂਟ ਸਥਾਪਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਗੈਸ ਉਪਲਬਧ ਹੋ ਸਕੇ।