ਅੰਡਰਟ੍ਰਾਇਲ ਕੈਦੀ ਨੇ ਸ਼ੱਕੀ ਵਸਤੂ ਨਿਗਲੀ
ਹੁਸ਼ਿਆਰਪੁਰ ਜੇਲ੍ਹ ਵਿੱਚ ਅੰਡਰਟ੍ਰਾਇਲ ਕੈਦੀ ਵੱਲੋਂ ਸ਼ੱਕੀ ਵਸਤੂ ਨਿਗਲਣ ਦਾ ਮਾਮਲਾ, ਪੀਜੀਆਈਐਮਈਆਰ ਚੰਡੀਗੜ੍ਹ ਰੈਫਰ
Publish Date: Thu, 12 Mar 2026 06:32 PM (IST)
Updated Date: Fri, 13 Mar 2026 04:07 AM (IST)

ਪੀਜੀਆਈਐੱਮਈਆਰ ਚੰਡੀਗੜ੍ਹ ਰੈਫਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸੈਂਟਰਲ ਜੇਲ ਹੁਸ਼ਿਆਰਪੁਰ ਦੇ ਇੱਕ ਅੰਡਰਟ੍ਰਾਇਲ ਕੈਦੀ ਵੱਲੋਂ ਪੇਸ਼ੀ ਦੌਰਾਨ ਸ਼ੱਕੀ ਵਸਤੂ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਪ੍ਰਸ਼ਾਸਨ ਵੱਲੋਂ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅਗਲੇ ਇਲਾਜ ਲਈ ਪੀਜੀਆਈਐਮਈਆਰ ਚੰਡੀਗੜ੍ਹ ਰੈਫਰ ਕਰ ਦਿੱਤਾ। ਸੈਂਟਰਲ ਜੇਲ ਹੁਸ਼ਿਆਰਪੁਰ ਦੇ ਸੁਪਰਡੈਂਟ ਪੁਲਿਸ ਸਤਨਾਮ ਸਿੰਘ ਨੇ ਦੱਸਿਆ ਕਿ ਚੰਨਦੀਪ ਸਿੰਘ ਨਿਵਾਸੀ ਪਿੰਡ ਭਾਨਾ ਇੱਕ ਅੰਡਰਟ੍ਰਾਇਲ ਕੈਦੀ ਹੈ ਅਤੇ ਉਸ ਦੇ ਖ਼ਿਲਾਫ਼ ਚੋਰੀ ਅਤੇ ਐਨਡੀਪੀਐਸ ਐਕਟ ਤਹਿਤ ਕੁੱਲ 21 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਉਸ ਨੂੰ ਪੇਸ਼ੀ ਲਈ ਕੋਰਟ ਲਿਜਾਇਆ ਗਿਆ ਸੀ, ਜਿੱਥੇ ਉਸ ਨੇ ਕੋਈ ਸ਼ੱਕੀ ਵਸਤੂ ਨਿਗਲ ਲਈ। ਉਨ੍ਹਾਂ ਮੁਤਾਬਕ ਸ਼ਾਮ ਕਰੀਬ 7:30 ਵਜੇ ਚੰਨਦੀਪ ਸਿੰਘ ਨੇ ਜੇਲ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਕੁਝ ਨਿਗਲ ਲਿਆ ਹੈ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਦੇ ਮੱਦੇਨਜ਼ਰ ਜੀਆਈਐਮਈਆਰ ਚੰਡੀਗੜ੍ਹ ਰੈਫਰ ਕਰ ਦਿੱਤਾ। ਸੁਪਰਡੈਂਟ ਨੇ ਦੱਸਿਆ ਕਿ ਚੰਨਦੀਪ ਸਿੰਘ ਨੂੰ ਪਹਿਲਾਂ ਸਾਲ 2024 ਵਿੱਚ ਕਪੂਰਥਲਾ ਜੇਲ ਭੇਜਿਆ ਗਿਆ ਸੀ, ਜਦਕਿ ਪਿਛਲੇ ਇੱਕ ਮਹੀਨੇ ਤੋਂ ਉਸ ਨੂੰ ਮੁੜ ਸੈਂਟਰਲ ਜੇਲ ਹੁਸ਼ਿਆਰਪੁਰ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਕੈਦੀ ਹਿਸਟਰੀ ਸ਼ੀਟਰ ਹੈ ਅਤੇ ਮਾਮਲੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ।