ਸਮਾਜਿਕ ਵਿਕਾਸ ’ਚ ਔਰਤਾਂ ਦਾ ਯੋਗਦਾਨ ਸ਼ਲਾਘਾਯੋਗ : ਡੀਸੀ
ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦਾ ਯੋਗਦਾਨ ਸਲਾਹੁਣਯੋਗ : ਡਿਪਟੀ ਕਮਿਸ਼ਨਰ
Publish Date: Thu, 12 Mar 2026 06:01 PM (IST)
Updated Date: Fri, 13 Mar 2026 04:07 AM (IST)

ਜ਼ਿਲ੍ਹੇ ਦੀਆਂ 100 ਕਾਮਯਾਬ ਮਹਿਲਾ ਉੱਦਮੀਆਂ ਨੂੰ ਸ਼ਲਾਘਾਯੋਗ ਕੰਮ ਤੇ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਸਿਟੀ ਸੈਂਟਰ ਵਿਖੇ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੀਆਂ 100 ਕਾਮਯਾਬ ਮਹਿਲਾ ਉੱਦਮੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੀਆਂ ਔਰਤਾਂ ਆਤਮ-ਨਿਰਭਰ ਬਣ ਕੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਨਮਾਨਿਤ ਔਰਤਾਂ ਨੇ ਆਪਣੀ ਮਿਹਨਤ ਨਾਲ ਨਾ ਸਿਰਫ ਕਾਮਯਾਬੀ ਹਾਸਲ ਕੀਤੀ ਹੈ, ਸਗੋਂ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੇ ਉੱਦਮ ਦੇ ਖੇਤਰ ’ਚ ਨਵੀਆਂ ਬੁਲੰਦੀਆਂ ਹਾਸਲ ਕਰ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕੀਤੀ ਹੈ, ਜੋ ਕਿ ਬੇਹੱਦ ਸਲਾਹੁਣਯੋਗ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 2 ਮਾਰਚ ਤੋਂ 6 ਮਾਰਚ ਤੱਕ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਵੀ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ’ਚ ਹਰੇਕ ਹਲਕੇ ਦੀਆਂ 100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਡੀਸੀ ਨੇ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਰਾਹੀਂ ਸੈਲਫ ਹੈਲਪ ਗਰੁੱਪਾਂ ਨੂੰ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਨਾਲ ਔਰਤਾਂ ਆਪਣੇ ਛੋਟੇ ਉੱਦਮ ਸ਼ੁਰੂ ਕਰ ਕੇ ਆਰਥਿਕ ਤੌਰ ’ਤੇ ਸਸ਼ਕਤ ਬਣ ਸਕਦੀਆਂ ਹਨ। ਉਨ੍ਹਾਂ ਮਹਿਲਾ ਉੱਦਮੀਆਂ ਨੂੰ ਆਧੁਨਿਕ ਤਕਨਾਲੋਜੀ ਤੇ ਨਵੀਨਤਾਕਾਰੀ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਅਤੇ ਹੋਰ ਔਰਤਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਧਾਰਾ ਕੱਕੜ, ਬੀਡੀਪੀਓ ਗੜ੍ਹਸ਼ੰਕਰ, ਮੁਕੇਰੀਆਂ ਅਤੇ ਹੁਸ਼ਿਆਰਪੁਰ-2, ਏ.ਡੀ.ਓ. ਕਿਰਨਜੀਤ ਸਿੰਘ ਅਤੇ ਸੀਡੀਪੀਓ ਹੁਸ਼ਿਆਰਪੁਰ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਡੀਪੀਐੱਮ ਸੁਖਵੰਤ ਕੌਰ, ਡੀਐੱਫਐੱਮ ਸੌਰਵ ਸ਼ਰਮਾ, ਬਲਾਕ ਇੰਚਾਰਜ ਦਸੂਹਾ ਗੁਰਿੰਦਰਜੀਤ ਸਿੰਘ, ਬਲਾਕ ਇੰਚਾਰਜ ਤਲਵਾੜਾ ਜਤਿੰਦਰ ਸਿੰਘ, ਬਲਾਕ ਇੰਚਾਰਜ ਹਾਜੀਪੁਰ ਅਮਨਦੀਪ ਸਿੰਘ ਸਮੇਤ ਆਜੀਵਿਕਾ ਮਿਸ਼ਨ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਸਰਪੰਚ ਹਾਜ਼ਰ ਸਨ।