ਹੁਸ਼ਿਆਰਪੁਰ ਦੀਆਂ 21 ਮਹਿਲਾ ਬੀਐੱਲਓਜ਼ ਦਾ ਵਿਸ਼ੇਸ਼ ਸਨਮਾਨ
ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਹੁਸ਼ਿਆਰਪੁਰ ਦੀਆਂ 21 ਮਹਿਲਾ ਬੀ.ਐਲ.ਓਜ਼ ਦਾ ਵਿਸ਼ੇਸ਼ ਸਨਮਾਨ
Publish Date: Tue, 10 Mar 2026 08:26 PM (IST)
Updated Date: Wed, 11 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੀਆਂ 21 ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਬੂਥ ਲੈਵਲ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਦੇ ਨਿਰਦੇਸ਼ਾਂ ‘ਤੇ ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਵੱਲੋਂ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਵਿੱਚ ਬੂਥ ਲੈਵਲ ਅਧਿਕਾਰੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਬੂਥ ਲੈਵਲ ਅਧਿਕਾਰੀਆਂ ਨੇ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਹਨ, ਜੋ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਇੰਨਟੈਨਸਿਵ ਰਵੀਜ਼ਨ ਤੋਂ ਪਹਿਲਾਂ ਪ੍ਰੀ-ਸੋਧ ਅਤੇ ਪ੍ਰੀ-ਨਕਸ਼ਾਬੰਦੀ ਦੇ ਕੰਮ ਦੌਰਾਨ ਮਹਿਲਾ ਬੂਥ ਲੈਵਲ ਅਧਿਕਾਰੀਆਂ ਨੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਵੋਟਰ ਸੂਚੀ ਨੂੰ ਹੋਰ ਸਟੀਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਨਿਸ਼ਾ ਕੁਮਾਰੀ, ਆਸ਼ਾ ਰਾਣੀ ਅਤੇ ਸੁਸ਼ਮਾ ਕੁਮਾਰੀ, ਦਸੂਹਾ ਤੋਂ ਕਮਲਾ ਦੇਵੀ, ਨੀਲਮ ਦੇਵੀ ਅਤੇ ਅਗਮ ਕੁਮਾਰੀ, ਉੜਮੁੜ ਤੋਂ ਹਰਨੀਸ਼ ਕੌਰ, ਗੁਰਦੀਪ ਕੌਰ ਅਤੇ ਸਰਬਜੀਤ ਕੌਰ, ਸ਼ਾਮ ਚੌਰਾਸੀ ਤੋਂ ਨੀਲਮ ਕੁਮਾਰੀ, ਸੁਮਨ ਕੁਮਾਰੀ ਅਤੇ ਸ਼ਾਂਤੀ ਦੇਵੀ, ਹੁਸ਼ਿਆਰਪੁਰ ਤੋਂ ਗੁਰਪ੍ਰੀਤ ਕੌਰ, ਅਬਨਿੰਦਰ ਕੌਰ ਅਤੇ ਕੁਲਵਿੰਦਰ ਕੌਰ, ਚੱਬੇਵਾਲ ਤੋਂ ਅਮਿਤਾ ਚੱਢਾ, ਬਲਵਿੰਦਰ ਕੌਰ ਅਤੇ ਅਬਿਨਾਸ਼ ਕੌਰ ਅਤੇ ਗੜ੍ਹਸ਼ੰਕਰ ਤੋਂ ਅਮਰਜੀਤ ਕੌਰ, ਇੰਦਰਜੀਤ ਕੌਰ ਅਤੇ ਸਰਬਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ ਅਤੇ ਲਖਵੀਰ ਸਿੰਘ ਵੀ ਹਾਜ਼ਰ ਸਨ।