ਨਸ਼ਾ ਵਿਰੋਧੀ ਮੁਹਿੰਮ ਤਹਿਤ 4 ਕਾਬੂ; ਹੈਰੋਇਨ ਤੇ ਨਸ਼ੀਲੇ ਪਦਾਰਥ ਬਰਾਮਦ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 4 ਵਿਅਕਤੀ ਕਾਬੂ; ਹੈਰੋਇਨ ਤੇ ਨਸ਼ੀਲੇ ਪਦਾਰਥ ਬਰਾਮਦ
Publish Date: Tue, 10 Mar 2026 07:48 PM (IST)
Updated Date: Wed, 11 Mar 2026 04:13 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਹ ਗ੍ਰਿਫ਼ਤਾਰੀਆਂ ਮਾਹਿਲਪੁਰ, ਬੁੱਲੋਵਾਲ ਅਤੇ ਗੜ੍ਹਦੀਵਾਲਾ ਖੇਤਰਾਂ ਵਿੱਚ ਕੀਤੀਆਂ ਗਈਆਂ ਹਨ। ਥਾਣਾ ਮਾਹਿਲਪੁਰ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਕੋਟਫਤੂਹੀ ਤੋਂ ਮੰਨਣਹਾਨਾ ਲਿੰਕ ਰੋਡ ਤੇ ਸਥਿਤ ਚੋਈ ਦੇ ਵਿੱਚ ਨੜਿਆ ਦੇ ਝਾੜ ਵਿੱਚ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਮੁਸਤੈਦੀ ਨਾਲ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਦਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ (ਵਾਸੀ ਠੁਆਣਾ) ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਸ ਕੋਲੋਂ ਸਿਲਵਰ ਪੇਪਰ ਤੇ ਲੱਗੀ ਹੈਰੋਇਨ, ਇੱਕ ਲਾਈਟਰ ਅਤੇ ਹੋਰ ਸਾਮਾਨ ਕਥਿਤ ਤੌਰ ਤੇ ਬਰਾਮਦ ਹੋਇਆ ਹੈ। ਬਾਕਸ-- ਬੁੱਲੋਵਾਲ ਪੁਲਿਸ ਨੇ 2 ਮਾਮਲਿਆਂ ’ਚ ਕੀਤੀ ਕਾਰਵਾਈ ਬੁੱਲੋਵਾਲ ਥਾਣੇ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਰਸ਼ਨ ਸਿੰਘ ਵਾਸੀ ਸ਼ਾਮ ਚੁਰਾਸੀ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕੋਟਲੀ ਰੋਡ ’ਤੇ ਗੁਰਦੁਆਰਾ ਗੁਰੂ ਰਵਿਦਾਸ ਜੀ ਨੇੜੇ ਪੁੱਜੀ ਤਾਂ ਇੱਕ ਵਿਅਕਤੀ ਸਿਲਵਰ ਪੱਨੀ ’ਤੇ ਨਸ਼ਾ ਸਾੜ ਕੇ ਧੂੰਆ ਅੰਦਰ ਖਿੱਚਦਾ ਦਿਖਾਈ ਦਿੱਤਾ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ। ਇੱਕ ਹੋਰ ਮਾਮਲੇ ਵਿੱਚ ਬੁੱਲੋਵਾਲ ਪੁਲਿਸ ਨੇ ਸੁਖਵੀਰ ਸਿੰਘ ਉਰਫ ਮਨੀ ਪੁੱਤਰ ਸੰਤੋਖ ਰਾਜ ਵਾਸੀ ਖੁਸਰੋਪੁਰ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ। ਪੁਲਿਸ ਮੁਤਾਬਕ ਗਸ਼ਤ ਦੌਰਾਨ ਪਿੰਡ ਢੱਡੇ ਫਹਿਤ ਸਿੰਘ ਨੇੜੇ ਦਰੱਖਤਾਂ ਦੀ ਝਿੜੀ ਵਿੱਚ ਬੈਠੇ ਵਿਅਕਤੀ ਨੂੰ ਸਿਲਵਰ ਪੱਨੀ ’ਤੇ ਨਸ਼ਾ ਸਾੜ ਕੇ ਦੱਸ ਰੁਪਏ ਦੇ ਨੋਟ ਨਾਲ ਧੂੰਆ ਖਿੱਚਦੇ ਵੇਖਿਆ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਖਿਲਾਫ ਕੇਸ ਦਰਜ ਕਰ ਦਿੱਤਾ। ਬਾਕਸ-- ਗੜ੍ਹਦੀਵਾਲਾ ਪੁਲਿਸ ਵੱਲੋਂ ਡੋਪ ਟੈਸਟ ਦੇ ਆਧਾਰ ਤੇ ਗ੍ਰਿਫ਼ਤਾਰੀ ਥਾਣਾ ਗੜ੍ਹਦੀਵਾਲਾ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਪਿੰਡ ਰੂਪੋਵਾਲ ਦੇ ਰਹਿਣ ਵਾਲੇ ਜਸਕਰਨ ਸਿੰਘ ਨੂੰ ਉਸ ਦੇ ਘਰੋਂ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਜਸਕਰਨ ਸਿੰਘ ਦਾ ਸਿਵਲ ਹਸਪਤਾਲ ਦਸੂਹਾ ਵਿਖੇ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਵਿੱਚ ਮੋਰਫਿਨ, ਬੈਂਜੋਡੀਆਜ਼ੇਪੀਨ ਅਤੇ ਟੀਐੱਚਸੀ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।