ਦੁਕਾਨ ਦੀ ਭੰਨਤੋੜ ਕਰ ਕੇ ਮੋਬਾਈਲ ਤੇ ਨਕਦੀ ਲੁੱਟੀ
ਪਿੰਡ ਫੁਗਲਾਣਾ ਵਿਖੇ ਮੋਬਾਈਲਾਂ ਦੀ ਦੁਕਾਨ ਦੀ ਭੰਨ ਤੋੜ ਕਰਕੇ ਮੋਬਾਈਲ ਅਤੇ ਨਗਦੀ ਲੁੱਟੀ
Publish Date: Tue, 10 Mar 2026 07:25 PM (IST)
Updated Date: Wed, 11 Mar 2026 04:12 AM (IST)
ਮਹੇਸ਼ਵਰ ਕੁਮਾਰ ਛਾਬੜਾ,ਪੰਜਾਬੀ ਜਾਗਰਣ, ਨਸਰਾਲਾ : ਥਾਣਾ ਮੇਹਟੀਆਣਾ ਤੋਂ ਕੁਝ ਹੀ ਦੂਰੀ ਤੇ ਪੈਂਦੇ ਪਿੰਡ ਫੁਗਲਾਣਾ ਵਿਖੇ ਇੱਕ ਮੋਬਾਈਲਾਂ ਦੀ ਦੁਕਾਨ ਤੇ ਲੁੱਟ-ਖੋਹ ਹੋਣ ਦੀ ਖਬਰ ਸਾਹਮਣੇ ਆਈ ਹੈ। ਦੁਕਾਨ ਮਾਲਕ ਮਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਲੁਟੇਰਿਆਂ ਵੱਲੋਂ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਸ਼ਾਮ ਨੂੰ ਆਪਣੀ ਦੁਕਾਨ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਤਾਂ ਇਸੇ ਦੌਰਾਨ ਅੱਠ ਤੋਂ ਨੌ ਨੌਜਵਾਨ ਉਸਦੀ ਦੁਕਾਨ ਤੇ ਆਏ ਜਿਨਾਂ ਨੇ ਆਉਂਦਿਆਂ ਹੀ ਦੁਕਾਨ ਅਤੇ ਮੇਰੇ ਤੇ ਹਮਲਾ ਕਰ ਦਿੱਤਾ ਅਤੇ ਦੁਕਾਨ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਵੀ ਕੀਤੀ। ਦੁਕਾਨ ਮਾਲਕ ਨੇ ਦੱਸਿਆ ਕਿ ਇਹ ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਇਸ ਦੌਰਾਨ ਦੁਕਾਨ ’ਚ ਪਿਆ ਮੋਬਾਈਲ ਫੋਨ ਤੇ ਹੋਰ ਸਬੰਧਤ ਸਾਮਾਨ ਲੁਟੇਰੇ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।