ਹੁਸ਼ਿਆਰਪੁਰ ਵਿੱਚ ਸਰਵਾਈਕਲ ਕੈਂਸਰ ਵਿਰੁੱਧ ਵੱਡੀ ਮੁਹਿੰਮ
ਹੁਸ਼ਿਆਰਪੁਰ ਵਿੱਚ ਸਰਵਾਈਕਲ ਕੈਂਸਰ ਵਿਰੁੱਧ ਵੱਡੀ ਮੁਹਿੰਮ: 14 ਸਾਲ ਦੀਆਂ ਬੱਚੀਆਂ ਦਾ ਹੋਵੇਗਾ ਐਚ.ਪੀ.ਵੀ. ਟੀਕਾਕਰਨ
Publish Date: Tue, 10 Mar 2026 06:21 PM (IST)
Updated Date: Wed, 11 Mar 2026 04:09 AM (IST)

14 ਸਾਲ ਦੀਆਂ ਬੱਚੀਆਂ ਦਾ ਹੋਵੇਗਾ ਐੱਚਪੀਵੀ ਟੀਕਾਕਰਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਔਰਤਾਂ ਨੂੰ ਸਰਵਾਈਕਲ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਵਿਸ਼ੇਸ਼ ਐੱਚਪੀਵੀ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਸਮੇਂ ਸਿਰ ਬਚਾਅ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਹ ਮੁਹਿੰਮ 28 ਫਰਵਰੀ 2026 ਤੋਂ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਖਾਸ ਤੌਰ ਤੇ 14 ਸਾਲ ਦੀਆਂ ਉਨ੍ਹਾਂ ਲੜਕੀਆਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ ਅਜੇ 15 ਸਾਲ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਐਚ.ਪੀ.ਵੀ. (ਹਿਊਮਨ ਪੋਪੀਲੋਮਾ ਵਾਇਰਸ) ਟੀਕਾ ਲੜਕੀਆਂ ਨੂੰ ਭਵਿੱਖ ਵਿੱਚ ਹੋਣ ਵਾਲੇ ਸਰਵਾਈਕਲ ਕੈਂਸਰ ਦੇ ਖਤਰੇ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਡਾ. ਗਰਗ ਨੇ ਅੱਗੇ ਸਪੱਸ਼ਟ ਕੀਤਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਟੀਕਾ ਸਿਰਫ਼ ਇੱਕ ਖੁਰਾਕ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਭਾਰਤੀ ਔਰਤਾਂ ’ਚ ਛਾਤੀ ਦੇ ਕੈਂਸਰ ਤੋਂ ਬਾਅਦ ਦੂਜੀ ਸਭ ਤੋਂ ਗੰਭੀਰ ਬਿਮਾਰੀ ਹੈ ਤੇ ਟੀਕਾਕਰਨ ਹੀ ਇਸ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਦਾ ਮੁੱਖ ਟੀਚਾ ਸਰਕਾਰ ਦੇ 2030 ਤੱਕ ਸਰਵਾਈਕਲ ਕੈਂਸਰ ਮੁਕਤ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨਾ ਹੈ। ਇਸ ਟੀਕਾਕਰਨ ਦਾ ਪੂਰਾ ਡਾਟਾ ਯੂ-ਵਿਨ ਪੋਰਟਲ ਰਾਹੀਂ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਿਆ ਜਾ ਰਿਹਾ ਹੈ। ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਮਾਪੇ ਬਿਨ੍ਹਾਂ ਕਿਸੇ ਡਰ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਕਰਵਾਉਣ। ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪ੍ਰਮੁੱਖ ਸਿਹਤ ਸੰਸਥਾਵਾਂ ਜਿਵੇਂ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ, ਸਬ-ਡਿਵੀਜ਼ਨਲ ਹਸਪਤਾਲ ਮੁਕੇਰੀਆਂ, ਦਸੂਹਾ, ਗੜ੍ਹਸ਼ੰਕਰ ਅਤੇ ਵੱਖ-ਵੱਖ ਸੀ.ਐਚ.ਸੀ. (ਟਾਂਡਾ, ਮਾਹਿਲਪੁਰ, ਹਾਰਟਾ ਬਡਲਾ ਆਦਿ) ਸਮੇਤ ਪੇਂਡੂ ਤੇ ਸ਼ਹਿਰੀ ਸਿਹਤ ਕੇਂਦਰਾਂ ਵਿੱਚ ਇਹ ਸੁਵਿਧਾ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਬੱਚੀਆਂ ਦੇ ਸਿਹਤਮੰਦ ਭਵਿੱਖ ਲਈ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।