ਸੁਭਾਸ਼ ਭਗਤ ਨੇ ਜਨਮ ਦਿਨ ’ਤੇ ਭਰਿਆ ਨੇਤਰਦਾਨ ਪ੍ਰਣ ਪੱਤਰ
ਸੁਭਾਸ਼ ਭਗਤ ਨੇ ਆਪਣੇ ਜਨਮਦਿਨ ’ਤੇ ਭਰਿਆ ਨੇਤਰਦਾਨ ਪ੍ਰਣ ਪੱਤਰ
Publish Date: Tue, 10 Mar 2026 06:08 PM (IST)
Updated Date: Wed, 11 Mar 2026 04:09 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜ-ਸੇਵਾ ਦੇ ਖੇਤਰ ਵਿੱਚ ਇੱਕ ਮਿਸਾਲ ਪੇਸ਼ ਕਰਦਿਆਂ, ਹੁਸ਼ਿਆਰਪੁਰ ਪੁਲਿਸ ਮਹਿਲਾ ਵਿੰਗ ਦੇ ਇੰਚਾਰਜ ਸਬ-ਇੰਸਪੈਕਟਰ ਸੁਭਾਸ਼ ਭਗਤ ਨੇ ਆਪਣੇ ਜਨਮਦਿਨ ਦੇ ਸ਼ੁਭ ਮੌਕੇ ਤੇ ਨੇਤਰਦਾਨ ਪ੍ਰਣ ਪੱਤਰ ਭਰ ਕੇ ਮਨੁੱਖਤਾ ਦੀ ਸੇਵਾ ਵਿੱਚ ਪ੍ਰੇਰਣਾਦਾਇਕ ਕਦਮ ਚੁੱਕਿਆ। ਇਸ ਮੌਕੇ ਰੋਟਰੀ ਆਈ ਬੈਂਕ ਅਤੇ ਕੌਰਨੀਆ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਦੇ ਪ੍ਰਧਾਨ ਜੇ. ਬੀ. ਬਹਲ ਅਤੇ ਚੇਅਰਮੈਨ ਸੰਜੀਵ ਅਰੋੜਾ ਦੀ ਅਗਵਾਈ ਹੇਠ ਸੋਸਾਇਟੀ ਮੈਂਬਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਸ਼ਲਾਘਾਯੋਗ ਕਦਮ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸੁਭਾਸ਼ ਭਗਤ ਨੇ ਕਿਹਾ ਕਿ ਸੋਸਾਇਟੀ ਦੇ ਇੱਕ ਸੈਮੀਨਾਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਪਣੇ ਜਨਮਦਿਨ ਨੂੰ ਨੇਤਰਦਾਨ ਪ੍ਰਣ ਪੱਤਰ ਭਰ ਕੇ ਮਨਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਖੁਸ਼ੀ ਦੇ ਮੌਕਿਆਂ ਤੇ ਅਜਿਹੇ ਨੇਕ ਕਾਰਜ ਕਰਨ ਤਾਂ ਜੋ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ। ਚੇਅਰਮੈਨ ਸੰਜੀਵ ਅਰੋੜਾ ਅਤੇ ਪ੍ਰਧਾਨ ਜੇ.ਬੀ. ਬਹਲ ਨੇ ਕਿਹਾ ਕਿ ਸੁਭਾਸ਼ ਭਗਤ ਦੀ ਇਸ ਪਹਿਲ ਨਾਲ ਸਮਾਜ ਦੇ ਹੋਰ ਵਰਗ ਵੀ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਜਾਗਰੂਕ ਹੋ ਜਾਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਦੇਸ਼ 100 ਫ਼ੀਸਦੀ ਕੌਰਨੀਆ ਬਲਾਈਂਡਨੈੱਸ ਮੁਕਤ ਹੋ ਜਾਵੇਗਾ। ਸੀਨੀਅਰ ਉਪ ਪ੍ਰਧਾਨ ਵਿਜੇ ਅਰੋੜਾ ਨੇ ਵੀ ਦੂਜੀਆਂ ਸੰਸਥਾਵਾਂ ਨੂੰ ਨੇਤਰਦਾਨ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਇੰਸਪੈਕਟਰ ਸੰਜੀਵ ਕੁਮਾਰ, ਪ੍ਰੋ. ਦਲਜੀਤ ਸਿੰਘ, ਮਦਨ ਲਾਲ ਮਹਾਜਨ, ਵਿਜੇ ਅਰੋੜਾ, ਜਸਬੀਰ ਕੰਵਰ, ਪ੍ਰੋ. ਰਾਜੀਵ ਸ਼ਰਮਾ, ਕ੍ਰਿਸ਼ਨ ਕਿਸ਼ੋਰ, ਮਹਾਵੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।