ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਜਾਰੀ
ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਜਾਰੀ, ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਿਰ ਟੀਕਾਕਰਨ ਦੀ ਅਪੀਲ
Publish Date: Tue, 10 Mar 2026 05:58 PM (IST)
Updated Date: Wed, 11 Mar 2026 04:07 AM (IST)

ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਿਰ ਟੀਕਾਕਰਨ ਦੀ ਅਪੀਲ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਔਰਤਾਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਕਿ 14 ਸਾਲ ਤੱਕ ਦੀਆਂ ਬੱਚੀਆਂ ਨੂੰ ਐਚ.ਪੀ.ਵੀ. (ਹਿਊਮਨ ਪੈਪਿਲੋਮਾ ਵਾਇਰਸ) ਟੀਕਾਕਰਨ ਲਾਜ਼ਮੀ ਲਗਵਾਇਆ ਜਾਵੇ, ਜਿਸ ਲਈ ਜ਼ਿਲ੍ਹੇ ਵਿਚ 28 ਫਰਵਰੀ ਤੋਂ ਟੀਕਾਕਰਨ ਮੁਹਿੰਮ ਲਗਾਤਾਰ ਚੱਲ ਰਹੀ ਹੈ। ਡੀਸੀ ਨੇ ਕਿਹਾ ਕਿ ਇਸ ਮਹਿੰਮ ਤਹਿਤ 14 ਸਾਲ ਦੀਆਂ ਉਨ੍ਹਾਂ ਬੱਚੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ ਅਜੇ 15 ਸਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਅਸਰਦਾਰ ਢੰਗ ਹੈ ਅਤੇ ਇਹ ਵੈਕਸੀਨ ਇਕ ਹੀ ਖੁਰਾਕ ਵਜੋਂ ਦਿੱਤੀ ਜਾਂਦੀ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਔਰਤਾਂ ’ਚ ਛਾਤੀ ਵਿਚ ਕੈਂਸਰ ਤੋਂ ਬਾਅਦ ਸਰਵਾਈਕਲ ਕੈਂਸਰ ਦੂਜੇ ਨੰਬਰ ’ਤੇ ਆਉਂਦਾ ਹੈ। ਇਸ ਲਈ ਇਸ ਬੀਮਾਰੀ ਦੀ ਰੋਕਥਾਮ ਲਈ ਸਮੇਂ ਸਿਰ ਟੀਕਾਕਰਨ ਬਹੁਤ ਜ਼ਰੂਰੀ ਹੈ। ਸਰਕਾਰ ਨੇ ਸਾਲ 2030 ਤੱਕ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ ਤੇ ਇਹ ਮੁਹਿੰਮ ਉਸੇ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਸੀਐੱਚਸੀ. ਟਾਂਡਾ, ਪੀਐੱਚਯੂ ਪਾਲਦੀ, ਪੀਐੱਸਸੀ ਮੰਡਮੰਡੇਰ, ਪੀਪੀ. ਯੂਨਿਟ ਸਿਵਲ ਹਸਪਤਾਲ ਹੁਸ਼ਿਆਰਪੁਰ, ਸੀਐੱਚਸੀ. ਹਾਰਟਾ ਬਡਲਾ, ਪੀਐੱਚਸੀ. ਹਾਜੀਪੁਰ, ਸੀਐੱਚਸੀ. ਸ਼ਾਮ ਚੁਰਾਸੀ, ਪੀਐੱਚਸੀ. ਚਕੋਵਾਲ, ਪੀਐੱਚਸੀ ਬੁੱਢਾਵੜ, ਸੀਐੱਚਸੀ ਭੂੰਗਾ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਪੁਰਹੀਰਾਂ, ਪੀਐੱਚਸੀ ਪੋਸੀ, ਸਬ ਡਵੀਜ਼ਨਲ ਹਸਪਤਾਲ ਮੁਕੇਰੀਆਂ, ਸੀਐੱਚਸੀ ਮਾਹਿਲਪੁਰ, ਪੀਐੱਚਸੀ. ਕਮਾਹੀ ਦੇਵੀ, ਸਬ-ਡਵੀਜ਼ਨਲ ਹਸਪਤਾਲ ਗੜ੍ਹਸ਼ੰਕਰ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਇਸਲਾਮਾਬਾਦ, ਸਬ ਡਵੀਜ਼ਨਲ ਹਸਪਤਾਲ ਦਸੂਹਾ, ਸੀਐੱਚਸੀ. ਬੀਨੇਵਾਲ ਅਤੇ ਸੀਐੱਚਸੀ. ਭੋਲ ਕਲੋਤਾ ਸਮੇਤ ਵੱਖ-ਵੱਖ ਸਿਹਤ ਕੇਂਦਰਾਂ ’ਚ ਇਹ ਟੀਕਾਕਰਨ ਕੀਤਾ ਜਾ ਰਿਹਾ ਹੈ।