ਅੱਖਾਂ ਨੇ ਅਨਮੋਲ, ਇਨ੍ਹਾਂ ਦੀ ਸਹੀ ਸੰਭਾਲ ਕਰੋ : ਡਾ. ਅਨਾਹਿਤ
ਅੱਖਾਂ ਹਨ ਅਨਮੋਲ, ਇਨ੍ਹਾਂ ਦੀ ਸਹੀ ਸੰਭਾਲ ਕਰੋ: ਡਾ. ਅਨਾਹਿਤ
Publish Date: Tue, 10 Mar 2026 05:10 PM (IST)
Updated Date: Wed, 11 Mar 2026 04:04 AM (IST)

ਬੀਬੀਐੱਮਬੀ. ਹਸਪਤਾਲ ਤਲਵਾੜਾ ਵਿਖੇ ‘ਵਿਸ਼ਵ ਗਲਾਕੋਮਾ ਹਫ਼ਤਾ’ ਮਨਾਇਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੀਬੀਐੱਮਬੀ ਹਸਪਤਾਲ ਤਲਵਾੜਾ ਵੱਲੋਂ ਚਲਾਏ ਜਾ ਰਹੇ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਨਾਹਿਤ ਨੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਬਹੁਤ ਅਨਮੋਲ ਹਨ ਤੇ ਇਨ੍ਹਾਂ ਦੀ ਸਹੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ। ਬੀਬੀਐੱਮਬੀ ਤਲਵਾੜਾ ਦੇ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਇਹ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਅਨਾਹਿਤ ਨੇ ਦੱਸਿਆ ਕਿ 8 ਤੋਂ 14 ਮਾਰਚ ਤੱਕ ‘ਗਲਾਕੋਮਾ-ਮੁਕਤ ਸੰਸਾਰ ਲਈ ਏਕਤਾ’ ਸਲੋਗਨ ਹੇਠ ਵਿਸ਼ਵ ਗਲੋਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਕਾਲੇ ਮੋਤੀਏ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ, ਪਰ ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ ਅਤੇ ਅਪਰੇਸ਼ਨ ਰਾਹੀਂ ਨਜ਼ਰ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਡਾ. ਅਨਾਹਿਤ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਨੀਮ-ਹਕੀਮਾਂ ਤੋਂ ਦਵਾਈ ਲੈ ਕੇ ਕਦੇ ਵੀ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਗਲੋਕੋਮਾ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਸਿਰਦਰਦ, ਅੱਖਾਂ ਵਿੱਚ ਦਰਦ, ਪੜ੍ਹਨ ਵਾਲੀ ਐਨਕ ਦਾ ਨੰਬਰ ਵਾਰ-ਵਾਰ ਬਦਲਣਾ, ਰੋਸ਼ਨੀ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਿਖਾਈ ਦੇਣਾ, ਅੱਖਾਂ ’ਚ ਲਾਲੀ ਨਾਲ ਅਚਾਨਕ ਨਜ਼ਰ ਘਟਣਾ ਜਾਂ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ।