ਅਵਿਨਾਸ਼ ਰਾਏ ਖੰਨਾ ਨੂੰ ਐਵਾਰਡ ਮਿਲਣਾ ਮਾਣ ਦੀ ਗੱਲ : ਭਾਰਤੀ
ਅਵਿਨਾਸ਼ ਰਾਏ ਖੰਨਾ ਨੂੰ ਐਵਾਰਡ ਮਿਲਣਾ ਮਾਣ ਦੀ ਗੱਲ - ਸ਼ੰਭੂ ਨਾਥ ਭਾਰਤੀ
Publish Date: Tue, 10 Mar 2026 05:02 PM (IST)
Updated Date: Wed, 11 Mar 2026 04:04 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੂੰ ਲੋਕ-ਕਲਿਆਣ ਅਤੇ ਸਮਾਜਿਕ ਸੁਧਾਰ ਵਿੱਚ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਪ੍ਰਸਿੱਧ “ਵਰਲਡ ਰਿਕਾਰਡ ਬੁੱਕ” ਵੱਲੋਂ ਸਨਮਾਨਿਤ ਕੀਤਾ ਜਾਣਾ ਭਾਰਤੀ ਜਨਤਾ ਪਾਰਟੀ ਦੇ ਸਮੂਹ ਕਾਰਕੁੰਨਾਂ ਲਈ ਮਾਣ ਦੀ ਗੱਲ ਹੈ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸ਼ੰਭੂ ਨਾਥ ਭਾਰਤੀ ਮੌਜੋਵਾਲ ਨੇ ਕਿਹਾ ਕਿ ਅਵਿਨਾਸ਼ ਰਾਏ ਖੰਨਾ ਰਾਜਨੀਤੀ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਤੇ ਇਹ ਸਨਮਾਨ ਸਮਾਜਿਕ ਮਸਲਿਆਂ ਨੂੰ ਸੁਲਝਾਉਣ ਲਈ ਖੰਨਾ ਦੇ ਸਮਰਪਣ ਅਤੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੀਤੇ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਨਿਸ਼ਾਨਦੇਹੀ ਹੈ। ਖੰਨਾ ਨੇ ਰਾਜਨੀਤੀ ਵਿੱਚ ਵੀ ਸੇਵਾ ਦੇ ਨਵੇਂ ਦਿੱਸਹੱਦੇ ਸਥਾਪਿਤ ਕੀਤੇ ਹਨ ਜਿਸ ਕਰਕੇ ਭਾਜਪਾ ਕਾਰਕੁੰਨ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ। ਉਹ ਹਮੇਸ਼ਾਂ ਜ਼ਮੀਨੀ ਪੱਧਰ ਉੱਤੇ ਕਾਰਕੁੰਨਾਂ ਨਾਲ ਆਪਣਾ ਰਾਬਤਾ ਬਣਾਈ ਰੱਖਦੇ ਹਨ ਤੇ ਉਨ੍ਹਾਂ ਦੇ ਨਿਮਰ ਅਤੇ ਮਿਲਣਸਾਰ ਤੋਂ ਹਰ ਕੋਈ ਪ੍ਰੇਰਣਾ ਲੈਂਦਾ ਹੈ। ਖੰਨਾ ਦੇ ਨਿਸ਼ਕਾਮ ਸੇਵਾ ਭਾਵ ਅਤੇ ਚੰਗੇ ਗੁਣਾਂ ਦੇ ਕਾਰਨ ਹੀ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਸਨਮਾਨ ਮਿਲਿਆ ਹੈ, ਜੋ ਸਭ ਲਈ ਮਾਣ ਦੀ ਗੱਲ ਹੈ।