ਮੋਗਾ ਰੈਲੀ ਦੌਰਾਨ ਗ੍ਰਹਿ ਮੰਤਰੀ ਨੂੰ ਕਾਲੇ ਝੰਡੇ ਦਿਖਾਵਾਂਗੇ : ਲੱਕੀ ਠਾਕੁਰ
ਮੋਗਾ ਰੈਲੀ ਦੌਰਾਨ ਗ੍ਰਹਿ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ : ਲੱਕੀ ਠਾਕੁਰ
Publish Date: Tue, 10 Mar 2026 05:01 PM (IST)
Updated Date: Wed, 11 Mar 2026 04:04 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕਸ਼ਤ੍ਰਿਯਾ ਕਰਨੀ ਸੈਨਾ ਪੰਜਾਬ ਅਤੇ ਸ਼੍ਰੀ ਹਿੰਦੂ ਤਖ਼ਤ ਨੇ ਮੋਗਾ ਵਿੱਚ ਹੋਣ ਵਾਲੀ ਭਾਜਪਾ ਦੀ ਰੈਲੀ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕਸ਼ਤ੍ਰਿਯਾ ਕਰਨੀ ਸੈਨਾ ਪੰਜਾਬ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਪ੍ਰਧਾਨ ਲੱਕੀ ਠਾਕੁਰ ਨੇ ਦਿੱਤੀ। ਲੱਕੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਸਰਕਾਰ ਵੱਲੋਂ ਉੱਚ ਜਾਤੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਭਾਜਪਾ ਦੇ ਆਗੂਆਂ ਵੱਲੋਂ ਵੀ ਉੱਚ ਜਾਤੀਆਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉੱਚ ਜਾਤੀਆਂ ਦਾ ਵੀ ਸਰਕਾਰ ਬਣਾਉਣ ਵਿੱਚ ਹੋਰ ਵਰਗਾਂ ਦੇ ਬਰਾਬਰ ਯੋਗਦਾਨ ਹੈ, ਪਰ ਫਿਰ ਵੀ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਬਰਾਬਰ ਅਧਿਕਾਰਾਂ ਦੀ ਗੱਲ ਕਰਦੀਆਂ ਹਨ, ਜਦਕਿ ਦੂਜੇ ਪਾਸੇ ਵੋਟ ਅਧਾਰਿਤ ਰਾਜਨੀਤੀ ਕਰਕੇ ਕੁਝ ਵਰਗਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਕਾਰਨ ਉੱਚ ਜਾਤੀ ਭਾਈਚਾਰੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਲੱਕੀ ਠਾਕੁਰ ਨੇ ਕਿਹਾ ਕਿ ਮੋਗਾ ਵਿੱਚ ਹੋਣ ਵਾਲੀ ਰੈਲੀ ਦੌਰਾਨ ਗ੍ਰਹਿ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉੱਚ ਜਾਤੀ ਭਾਈਚਾਰੇ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਅਤੇ ਸਰਕਾਰ ਵਿੱਚ ਬਰਾਬਰ ਪ੍ਰਤੀਨਿਧਤਾ ਲਈ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਨੇ ਉੱਚ ਜਾਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਇਸ ਸੰਘਰਸ਼ ਵਿੱਚ ਅੱਗੇ ਆਉਣ।