ਪੰਜਾਬ ਸਰਕਾਰ ਦਾ ਬਜਟ ਸਿਰਫ ਝੂਠ ਦੀ ਪੰਡ : ਗਿਲਜੀਆਂ
ਪੰਜਾਬ ਸਰਕਾਰ ਦਾ ਬਜ਼ਟ ਸਿਰਫ ਝੂਠ ਦੀ ਪੰਡ " ਗਿਲਜੀਆਂ "
Publish Date: Tue, 10 Mar 2026 04:39 PM (IST)
Updated Date: Wed, 11 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬੀਤੇ ਦਿਨੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਇਸ ਬਜ਼ਟ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਤੇ ਸਿਰਫ ਝੂਠ ਦਾ ਪੁਲੰਦਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਬਜਟ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਲੈ ਜਾਣ ਦੀ ਬਜਾਏ ਹੋਰ ਵੀ ਡੂੰਘੇ ਕਰਜ਼ੇ ਦੇ ਸੰਕਟ ਵਿੱਚ ਧੱਕ ਦੇਵੇਗਾ। ਸਰਕਾਰ ਵੱਲੋਂ ਬਜਟ ਵਿੱਚ ਕਈ ਵੱਡੇ ਐਲਾਨ ਤਾਂ ਕੀਤੇ ਹਨ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਵਿੱਤੀ ਸਰੋਤਾਂ ਬਾਰੇ ਕੋਈ ਸਪੱਸ਼ਟ ਯੋਜਨਾ ਸਾਹਮਣੇ ਨਹੀਂ ਰੱਖੀ ਗਈ। ਸਿਰਫ ਅੰਕੜਿਆਂ ਦਾ ਖੇਡ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਪਹਿਲਾਂ ਹੀ ਵੱਡੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਅਜਿਹੇ ਹਾਲਾਤਾਂ ਵਿੱਚ ਇਹ ਬਜਟ ਸੂਬੇ ਦੀ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰੇਗਾ। ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਗਈ ਸੀ ਜੋ ਹੁਣ ਤੱਕ ਲਗਭਗ 48 ਹਜ਼ਾਰ ਰੁਪਏ ਬਣ ਚੁੱਕੇ ਹਨ ਪਰ ਹੁਣ ਬਜਟ ਵਿਚ ਕੇਵਲ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਚੋਣ ਵਾਅਦਿਆਂ ਤੋਂ ਮਹਿਲਾਵਾਂ ਨਾਲ ਵੱਡਾ ਧੋਖਾ ਹੈ। ਇਸ ਬਜਟ ਵਿਚ ਕਿਸਾਨਾਂ, ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਤੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਆਦਿ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਛੋਟੇ ਕਾਰੋਬਾਰੀਆਂ ਤੇ ਵਪਾਰੀਆਂ ਲਈ ਵੀ ਕੋਈ ਵਿਸ਼ੇਸ਼ ਰਾਹਤ ਨਹੀਂ ਦਿੱਤੀ ਗਈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਵਿਪਨ ਮਰਵਾਹਾ, ਕੌਂਸਲਰ ਸਤਵੰਤ ਜੱਗੀ, ਐੱਮਸੀ. ਜਸਵਿੰਦਰ ਕਾਕਾ, ਨੰਬਰਦਾਰ ਜਗਜੀਵਨ ਜੱਗੀ, ਅਵਤਾਰ ਸਿੰਘ ਤਾਰੀ, ਰਾਕੇਸ਼ ਬਿੱਟੂ, ਰਾਜੇਸ਼ ਲਾਡੀ, ਡਾ. ਬਲਦੇਵ ਰਾਜ, ਪੰਕਜ ਸਚਦੇਵਾ, ਲੱਕੀ, ਬਾਬੂ ਰੂਪ ਲਾਲ, ਗੁਰਮੁਖ ਸਿੰਘ ਆਦਿ ਮੌਜੂਦ ਸਨ।