- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਜ਼ਬੇ ਨਾਲ ਮਹਿਲਾਵਾਂ ਨੇ ਬਣਾਇਆ ਸਮਾਜ ਵਿੱਚ ਵੱਖਰਾ ਮੁਕਾਮ, ਜਾਗਰਣ ਸਮੂਹ ਵੱਲੋਂ ਸਨਮਾਨ

ਸੰਜੀਵ ਸੂਦ, ਪੰਜਾਬੀ ਜਾਗਰਣ,
ਹੁਸ਼ਿਆਰਪੁਰ : ਸੋਮਵਾਰ ਨੂੰ ‘ਦੈਨਿਕ ਜਾਗਰਣ’ ਅਤੇ ‘ਪੰਜਾਬੀ ਜਾਗਰਣ’ ਵੱਲੋਂ ਵਿਸ਼ਵ ਮਹਿਲਾ ਦਿਵਸ ਦੇ ਉਪਲੱਖ ਵਿੱਚ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ। ਇਸ ਦੌਰਾਨ ਆਪਣੇ ਜਜ਼ਬੇ ਨਾਲ ਸਮਾਜ ਵਿੱਚ ਵੱਖਰਾ ਸਥਾਨ ਬਣਾਉਣ ਵਾਲੀਆਂ ਸਸ਼ਕਤ ਮਹਿਲਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐੱਸਡੀਐੱਮ ਅਮਨਦੀਪ ਕੌਰ ਘੁਮੰਣ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ‘ਦੈਨਿਕ ਜਾਗਰਣ’ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਅਤੇ ਜਨਰਲ ਮੈਨੇਜਰ ਨੀਰਜ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।
----
ਹਰ ਦਿਨ ਮਹਿਲਾ ਦਿਵਸ ਮਨਾਉਣ ਦੀ ਲੋੜ: ਅਮਿਤ ਸ਼ਰਮਾ
ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ‘ਦੈਨਿਕ ਜਾਗਰਣ’ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਕਿਹਾ ਕਿ ਮਹਿਲਾ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਹਰ ਦਿਨ ਮਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਸ਼ਕਤ ਬਣਾਉਣ ਦੀਆਂ ਗੱਲਾਂ ਪ੍ਰਾਚੀਨ ਸਮਿਆਂ ਤੋਂ ਕੀਤੀਆਂ ਜਾ ਰਹੀਆਂ ਹਨ। ਧਾਰਮਿਕ ਸਥਾਨਾਂ ’ਚ ਵੀ ਦੇਵੀਆਂ ਦਾ ਨਾਮ ਪਹਿਲਾਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕੁਝ ਚੁਣੌਤੀਆਂ ਮੌਜੂਦ ਹਨ, ਪਰ ਸਭ ਦੇ ਸਹਿਯੋਗ ਨਾਲ ਇਨ੍ਹਾਂ ਦਾ ਹੱਲ ਸੰਭਵ ਹੈ। ਜਿੱਥੇ ਮਹਿਲਾ ਦੀ ਪੂਜਾ ਹੁੰਦੀ ਹੈ, ਉੱਥੇ ਦੇਵਤਿਆਂ ਦਾ ਵਾਸ ਹੁੰਦਾ ਹੈ। ਔਰਤਾਂ ਨੂੰ ਸਸ਼ਕਤ ਬਣਾਉਣ ਲਈ ਹਰ ਵਿਅਕਤੀ ਅਤੇ ਹਰ ਘਰ ਨੂੰ ਅੱਗੇ ਆਉਣਾ ਹੋਵੇਗਾ।
----
ਮਹਿਲਾ ਅਤੇ ਪੁਰਸ਼ ਵਿੱਚ ਭੇਦਭਾਵ ਨਾ ਕੀਤਾ ਜਾਵੇ: ਕਰਮਜੀਤ ਕੌਰ
ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਕਿਹਾ ਕਿ ਮਹਿਲਾ ਅਤੇ ਪੁਰਸ਼ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ। ਅੱਜ ਮਹਿਲਾਵਾਂ ਆਪਣੀ ਕਾਬਲਿਆਤ ਨਾਲ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਆਪਣੀ ਅਗਵਾਈ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਿਨ ਭਰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਤੋਂ ਬਾਅਦ ਵੀ ਸਵੇਰ-ਸ਼ਾਮ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਮਹਿਲਾ ਨੂੰ ਸਸ਼ਕਤ ਬਣਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਪਿਤਾ ਦੀ ਹੁੰਦੀ ਹੈ। ਪਿਤਾ ਆਪਣੀਆਂ ਕਈ ਇੱਛਾਵਾਂ ਨੂੰ ਦਬਾ ਕੇ ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਕਾਬਲ ਬਣਾਉਂਦਾ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਕਿਸੇ ਵੀ ਖੇਤਰ ’ਚ ਘੱਟ ਨਾ ਸਮਝਣ ਅਤੇ ਆਪਣੇ ਆਪ ਨੂੰ ਸਸ਼ਕਤ ਬਣਾਕੇ ਪੁਰਸ਼ਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣ।
----
ਔਰਤਾਂ ਨੇ ਹਮੇਸ਼ਾ ਆਪਣੀ ਕਾਬਲਿਆਤ ਸਾਬਤ ਕੀਤੀ : ਚੰਦਰ ਮੋਹਨ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਦਰ ਮੋਹਨ ਨੇ ਕਿਹਾ ਕਿ ਮਹਿਲਾਵਾਂ ਸ਼ੁਰੂ ਤੋਂ ਹੀ ਆਪਣੀ ਸਮਰੱਥਾ ਸਾਬਤ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਉਹ ਇੰਦਿਰਾ ਗਾਂਧੀ ਹੋਣ ਜਾਂ ਹੋਰ ਕਈ ਪ੍ਰਮੁੱਖ ਮਹਿਲਾਵਾਂ, ਸਾਰਿਆਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਦੀ ਲੋੜ ਹੈ। ਇਸ ਸੋਚ ਨਾਲ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਮਜ਼ਬੂਤ ਨਾਰੀ ਸ਼ਕਤੀ ਹੋਵੇਗੀ, ਦੇਸ਼ ਉਨਾ ਹੀ ਵੱਧ ਤਰੱਕੀ ਕਰੇਗਾ। ਦੇਸ਼ ਨੂੰ ਅੱਗੇ ਲਿਜਾਣ ਵਿੱਚ ਮਹਿਲਾਵਾਂ ਦੀ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਇਸ ਸਨਮਾਨ ਸਮਾਰੋਹ ਲਈ ਜਾਗਰਣ ਸਮੂਹ ਦਾ ਧੰਨਵਾਦ ਕੀਤਾ।
----
ਆਪਣੀ ਸਭਿਆਚਾਰ ਅਤੇ ਭਾਸ਼ਾ ਨਾਲ ਜੁੜੇ ਰਹਿਣ ਦੀ ਲੋੜ: ਆਰਤੀ ਸੂਦ
ਕਿਡਜ਼ ਪਬਲਿਕ ਸਕੂਲ, ਹੁਸ਼ਿਆਰਪੁਰ ਦੀ ਪ੍ਰਿੰਸੀਪਲ ਆਰਤੀ ਸੂਦ ਨੇ ਕਿਹਾ ਕਿ ਔਰਤਾਂ ਨੂੰ ਆਧਿਆਤਮਿਕਤਾ ਵੱਲ ਰੁਝਾਨ ਪੈਦਾ ਕਰਨਾ ਚਾਹੀਦਾ ਹੈ ਅਤੇ ਆਪਣੀ ਸਭਿਆਚਾਰ ਨਾਲ ਜੁੜੇ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ ਹਿੰਦੀ ਅਤੇ ਪੰਜਾਬੀ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਧਿਆਤਮਿਕਤਾ ਰਾਹੀਂ ਅਸੀਂ ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਪਛਾਣ ਕੇ ਉਨ੍ਹਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰ ਸਕਦੇ ਹਾਂ। ਮਹਿਲਾ ਨੂੰ ਜਨਨੀ ਸ਼ਕਤੀ ਕਿਹਾ ਜਾਂਦਾ ਹੈ। ਇਸ ਲਈ ਔਰਤਾਂ ਨੂੰ ਖੁਦ ਚੰਗੇ ਸੰਸਕਾਰ ਅਪਣਾਉਣੇ ਚਾਹੀਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਚੰਗੇ ਸੰਸਕਾਰਾਂ ਨਾਲ ਹੀ ਸਮਾਜ ਨੂੰ ਉੱਚਾਈਆਂ ਵੱਲ ਲਿਜਾਇਆ ਜਾ ਸਕਦਾ ਹੈ।
----
ਅੱਜ ਦੇ ਸਮੇਂ ’ਚ ਕੁੜੀਆਂ ਹਰ ਖੇਤਰ ’ਚ ਅੱਗੇ ਨੀਰਜ ਸ਼ਰਮਾ
‘ਦੈਨਿਕ ਜਾਗਰਣ’ ਦੇ ਮਹਾਂ ਪ੍ਰਬੰਧਕ ਨੀਰਜ ਸ਼ਰਮਾ ਨੇ ਕਿਹਾ ਕਿ ਜਾਗਰਣ ਸਮੂਹ ਹਮੇਸ਼ਾਂ ਮਹਿਲਾ ਉਤਥਾਨ ਲਈ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਅੱਜ ਦੇ ਦੌਰ ਵਿੱਚ ਕੁੜੀਆਂ ਨੂੰ ਲੜਕਿਆਂ ਦੀ ਬਰਾਬਰੀ ਕਰਨ ਦੀ ਲੋੜ ਨਹੀਂ ਰਹੀ, ਸਗੋਂ ਹੁਣ ਲੜਕਿਆਂ ਨੂੰ ਕੁੜੀਆਂ ਦੀ ਬਰਾਬਰੀ ਕਰਨ ਲਈ ਮੁਕਾਬਲਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਕੁੜੀਆਂ ਆਪਣੀ ਕਾਬਲੀਆਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਕਿਸੇ ਵੀ ਖੇਤਰ ਵਿੱਚ ਉਹ ਲੜਕਿਆਂ ਤੋਂ ਘੱਟ ਨਹੀਂ ਹਨ। ਸਿਰਫ਼ ਲੋਕਾਂ ਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ।
---
ਇਨ੍ਹਾਂ ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤ
ਸਮਾਰੋਹ ਦੌਰਾਨ ਜੂਡੋ ਵਿੱਚ ਰਾਸ਼ਟਰੀ ਪੱਧਰ ‘ਤੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਕਸ਼ਿਸ਼ ਅਰੋੜਾ, ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕ੍ਰਿਕਟ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਵਾਲੀਆਂ ਸ਼ਿਵਾਨੀ, ਵੰਸ਼ਿਕਾ ਅਤੇ ਨਿਰੰਕਾਰ, ਦਸੂਹਾ ਵਿੱਚ ਗਊਸ਼ਾਲਾ ਚਲਾਉਣ ਵਾਲੀ ਸ਼ਿਵ ਜੋਤੀ ਅਤੇ ਵਿਰੋਧੀ ਹਾਲਾਤ ਦੇ ਬਾਵਜੂਦ ਦਸਮੇਸ਼ ਪਬਲਿਕ ਸਕੂਲ ਦਸੂਹਾ ਨੂੰ ਵੱਖਰੀ ਪਛਾਣ ਦਿਵਾਉਣ ਵਾਲੀ ਜਗਜੀਤ ਕੌਰ ਨੂੰ ਜਾਗਰਣ ਸਮੂਹ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
---
ਪ੍ਰੋਗਰਾਮ ਦੀ ਸਫਲਤਾ ’ਚ ਇਨ੍ਹਾਂ ਸੰਸਥਾਵਾਂ ਦਾ ਯੋਗਦਾਨ
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਬਲਯੂਡੀ ਆਈ ਸੀ, ਦਿੱਲੀ ਇੰਟਰਨੈਸ਼ਨਲ ਸਕੂਲ, ਫੈਸ਼ਨ ਪੁਆਇੰਟ, ਸੈਫਰਾਨ ਸਿਟੀ, ਸੂਰੀ ਮੋਬਾਈਲ, ਗੌਤਮ ਹਾਟ ਮਿਕਸ ਪਲਾਂਟ, ਤੰਸੂ ਸਾਇੰਸ ਵਾਲਾ ਸੰਸਥਾਨ ਅਤੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਹੱਤਵਪੂਰਨ ਯੋਗਦਾਨ ਰਿਹਾ।