- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਜੀਪੁਰ ‘ਚ ਨਜ਼ਾਇਜ ਮਾਈਨਿੰਗ ਖਿਲਾਫ ਕਾਂਗਰਸ ਨੇਤਾ ਸਰਬਜੋਤ ਸਾਬੀ ਨੇ ਖੋਲ੍ਹਿਆ ਮੋਰਚਾ

ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ: ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਇੱਕ ਵੱਡਾ ਮੁੱਦਾ ਰਿਹਾ ਹੈ। ਜਿੱਥੇ ਕਿ ਹਲਕਾ ਮੁਕੇਰੀਆਂ ਦੇ ਪਿੰਡਾਂ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਤੋਂ ਇਲਾਕਾ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਕੁਦਰਤ ਨੂੰ ਵੱਡੇ ਪੱਧਰ ’ਤੇ ਖੋਰਾ ਲੱਗ ਰਿਹਾ ਹੈ। ਨਾਜਾਇਜ਼ ਮਾਈਨਿੰਗ ਖ਼ਿਲਾਫ਼ ਹਲਕਾ ਮੁਕੇਰੀਆ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਰਬਜੋਤ ਸਿੰਘ ਸਾਬੀ ਵੱਲੋਂ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਮੋਰਚਾ ਖੋਲ੍ਹਿਆ ਗਿਆ ਹੈ। ਹਾਜੀਪੁਰ ਵਿੱਖੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡਾ ਇਕੱਠ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹਾਜੀਪੁਰ ਦੀਆਂ ਮਾਈਨਿੰਗ ਸਾਈਟਾਂ ਦਾ ਵੀ ਦੌਰਾ ਕੀਤਾ ਗਿਆ। ਮੀਡੀਆ ਨੂੰ ਸਰਬਜੋਤ ਸਿੰਘ ਸਾਬੀ ਨੇ ਦੱਸਿਆ ਨਾਜਾਇਜ਼ ਮਾਈਨਿੰਗ ਕਾਰਨ ਸਾਡਾ ਇਲਾਕਾ ਤਬਾਹ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਵੱਲੋ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। 150 -150 ਫੁੱਟ ਨਾਜਾਇਜ਼ ਮਾਈਨਿੰਗ ਕਰਕੇ ਨਾਲ ਲੱਗਦੀਆਂ ਖੇਤੀ ਯੋਗ ਜ਼ਮੀਨਾਂ ਵੀ ਤਬਾਹ ਕੀਤੀਆਂ ਜਾ ਰਹੀਆਂ ਹਨ। ਸਾਬੀ ਨੇ ਮੁਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਉਹ ਮੌਕੇ ਆ ਕੇ ਹਾਲਾਤ ਦੇਖਣ ਤਾਂ ਪਤਾ ਚੱਲੇਗਾ ਕਿ ਮਾਈਨਿੰਗ 7 ਫੁੱਟ ਹੈ ਜਾਂ 200 ਫੁੱਟ ਹੈ। ਨਾਜਾਇਜ਼ ਮਾਈਨਿੰਗ ਕਰਕੇ ਵਾਤਾਵਰਣ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਇਲਾਕੇ ਦੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਇਸ ਸਰਕਾਰ ਵਿੱਚ ਸਭ ਤੋਂ ਵੱਧ ਸਾਡੇ ਇਲਾਕੇ ਵਿੱਚ ਸਟੋਨ ਕਰੱਸ਼ਰ ਲਾਏ ਗਏ ਹਨ। ਜੇਕਰ ਇਹ ਹਾਲਾਤ ਰਹੇ ਤੇ ਆਉਣ ਵਾਲਾ ਸ਼ਮਾ ਇਲਾਕੇ ਲਈ ਬਹੁਤ ਘਾਤਕ ਸਾਬਿਤ ਹੋਵੇਗਾ।
----
ਨਾਜਾਇਜ਼ ਮਾਈਨਿੰਗ ਖ਼ਿਲਾਫ਼ ਮੁਹਿੰਮ ਸ਼ੁਰੂ
ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਸਾਡੇ ਵੱਲੋ ਨਾਜਾਇਜ਼ ਮਾਈਨਿੰਗ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਗੇ। ਇਹ ਵੀ ਦੱਸਿਆ ਕਿ ਇੱਕ ਪਾਸੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਨਾਲ ਰੇਲਵੇ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਮਾਈਨਿੰਗ ਮਾਫੀਆ ਵੱਲੋ ਰੇਲ ਲਾਈਨ ਦੇ ਨਾਲ ਸੈਂਕੜਿਆਂ ਫੁੱਟ ਨਾਜਾਇਜ਼ ਮਾਈਨਿੰਗ ਕਰਕੇ ਇਸ ਪ੍ਰੋਜੈਕਟ ਨੂੰ ਵੀ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਮਾਈਨਿੰਗ ਚੈਕ ਪੋਸਟ ਵੀ ਕੁੱਝ ਦੂਰੀ ਤੇ ਹੈ। ਇਹ ਗੋਰਖਧੰਦਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਕਿਸਾਨ ਜੱਥੇਬੰਦੀ ਦੇ ਆਗੂ ਸੁਖਦੇਵ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਸਟੋਨ ਕਰਸ਼ਰਾਂ ਵੱਲੋ ਦਿਨ ਰਾਤ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਰਾਤ ਦੇ ਸਮੇਂ ਨੀਂਦ ਲੈਣੀ ਵੀ ਮੁਸ਼ਕਿਲ ਹੈ ਤੇ ਅਜਿਹਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਪਿੰਡਾਂ ਨੂੰ ਅਲਵਿਦਾ ਕਹਿਣਾ ਪਵੇਗਾ। ਅਸੀਂ ਕਈ ਵਾਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਾਂ ਪਰ ਹਾਲੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਸਰਬਜੋਤ ਸਿੰਘ ਸਾਬੀ ਤੇ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਜਲਦ ਤੋ ਜਲਦ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਇਸ ਮੌਕੇ ਅਨਿਲ ਮਾਨਸਰ, ਸਰਪੰਚ, ਇਲਾਕਾ ਵਾਸੀ ਮੌਜੂਦ ਰਹੇ।