ਵੱਖ-ਵੱਖ ਥਾਵਾਂ ਤੋਂ ਤਿੰਨ ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ
ਜ਼ਿਲ੍ਹਾ ਹੁਸ਼ਿਆਰਪੁਰ 'ਚ ਨਸ਼ਿਆਂ ਵਿਰੁੱਧ ਪੁਲਿਸ ਦੀ ਸਖ਼ਤੀ; ਵੱਖ-ਵੱਖ ਥਾਵਾਂ ਤੋਂ ਤਿੰਨ ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ
Publish Date: Sun, 08 Mar 2026 08:30 PM (IST)
Updated Date: Mon, 09 Mar 2026 04:15 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਮੁਕੇਰੀਆਂ ਦੀ ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੁਕੇਰੀਆਂ ਤੋਂ ਭੰਗਾਲਾ ਸਾਈਡ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਜੀ.ਟੀ. ਰੋਡ ਪੁਵਾਰਾ ਮੋੜ ਨੇੜੇ ਪੁੱਜੀ ਤਾਂ ਪਿੰਡ ਪਵਾਰਾ ਵੱਲੋਂ ਇੱਕ ਵਿਅਕਤੀ ਪੈਦਲ ਆਉਂਦਾ ਦਿੱਸਿਆ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਨੇੜੇ ਦੇਖ ਕੇ ਉਸ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਵਿਸ਼ਾਲ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਪਿੰਡ ਕਲੀਚਪੁਰ ਕਲੋਤਾ, ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਪੁਲਿਸ ਦੇ ਅਨੁਸਾਰ ਉਸ ਕੋਲੋਂ 70 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਕਥਿਤ ਤੌਰ ਤੇ ਬਰਾਮਦ ਹੋਇਆਂ ਅਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕਸ-- ਤਲਵਾੜਾ ਪੁਲਿਸ ਨੇ ਮੋਟਰਸਾਈਕਲ ਸਵਾਰ ਤੋਂ ਫੜੀਆਂ 66 ਨਸ਼ੀਲੀਆਂ ਗੋਲੀਆਂ ਇਸੇ ਤਰ੍ਹਾਂ ਥਾਣਾ ਤਲਵਾੜਾ ਦੀ ਪੁਲਿਸ ਨੇ ਰਮਨ ਕੁਮਾਰ ਉਰਫ ਬੰਟੀ ਪੁੱਤਰ ਬਲਵੰਤ ਸਿੰਘ ਵਾਸੀ ਭੰਬੋਤਾੜ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਏ.ਐਸ.ਆਈ ਓਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਦੋਲਤਪੁਰ ਚੌਕ ਤਲਵਾੜਾ ਤੋਂ ਰਜਵਾਲ-ਭੰਬੋਤਾੜ ਵੱਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਵਿਅਕਤੀ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆਉਂਦਾ ਦਿੱਸਿਆ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਰੁਕਣ ਲਈ ਆਵਾਜ਼ ਮਾਰੀ ਗਈ ਤਾਂ ਉਹ ਮੁੜਨ ਲੱਗ ਪਿਆ ਤੇ ਮੋਟਰਸਾਈਕਲ ਦੀ ਸ਼ੋਅ ਕਵਰ ਵਿਚੋਂ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਝਾੜੀਆਂ ਵੱਲ ਸੁੱਟ ਦਿੱਤਾ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 66 ਖੁੱਲ੍ਹੀਆਂ ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਿਨਾ ਮਾਰਕੇ ਦੀਆਂ ਕਥਿਤ ਤੌਰ ਤੇ ਬਰਾਮਦ ਹੋਇਆਂ। ਬਾਕਸ ਮੇਹਟੀਆਣਾ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਉਧਰ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਹਰੀਸ਼ ਕੁਮਾਰ ਪੁੱਤਰ ਰਣਵੀਰ ਸਿੰਘ ਵਾਸੀ ਪੰਡੋਰੀ ਕੱਦ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ ਏ.ਐਸ.ਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਫੁਗਲਾਣਾ ਤੋਂ ਪੰਡੋਰੀ ਕੱਦ ਵੱਲ ਜਾ ਰਹੀ ਸੀ। ਇਸ ਦੌਰਾਨ ਕਾਜਵੇ ਨੇੜੇ ਕੱਚੇ ਰਸਤੇ ’ਤੇ ਇੱਕ ਨੌਜਵਾਨ ਬੈਠਾ ਦਿੱਸਿਆ ਜੋ ਕਥਿਤ ਤੌਰ ’ਤੇ ਸਿਲਵਰ ਵਰਕ ਦੀ ਪੰਨੀ ਹੇਠ ਲਾਈਟਰ ਨਾਲ ਅੱਗ ਬਾਲ ਕੇ ਕਥਿਤ ਤੌਰ ਤੇ ਧੂੰਆ ਖਿੱਚ ਰਿਹਾ ਸੀ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਹਰੀਸ਼ ਕੁਮਾਰ ਦੱਸਿਆ। ਪੁਲਿਸ ਦੇ ਅਨੁਸਾਰ ਉਸ ਕੋਲੋਂ ਇੱਕ ਸਿਲਵਰ ਵਰਕ ਦੀ ਪੰਨੀ ਜਿਸ ’ਤੇ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ, ਇੱਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਇਪ ਨੁਮਾ ਬਣਿਆ ਹੋਇਆ ਬਰਾਮਦ ਹੋਇਆ। ਇਸ ਮਾਮਲੇ ਵਿੱਚ ਵੀ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਤਿੰਨਾਂ ਮਾਮਲਿਆਂ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।