ਕੇਂਦਰ ਨੇ ਅਮਰੀਕਾ ਮੂਹਰੇ ਗੋਡੇ ਟੇਕ ਦੇਸ਼ ਦੀ ਸੰਪ੍ਰਭੂਤਾ ਨੂੰ ਖੋਰਾ ਲਾਇਆ
ਕੇਂਦਰ ਸਰਕਾਰ ਨੇ ਅਮਰੀਕਾ ਮੂਹਰੇ ਗੋਡੇ ਟੇਕ ਦੇਸ਼ ਦੀ ਸੰਪ੍ਰਭੂਤਾ ਨੂੰ ਖੋਰਾ ਲਾਇਆ
Publish Date: Sun, 08 Mar 2026 07:56 PM (IST)
Updated Date: Mon, 09 Mar 2026 04:12 AM (IST)

ਧਰਮ ਦੀ ਨਫ਼ਰਤ ਹੇਠ ਦੇਸ਼ ਨੂੰ ਵੰਡਿਆ ਜਾ ਰਿਹੈ : ਪਾਸਲਾ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਅੱਜ ਦੁਨੀਆ ’ਤੇ ਤੀਜੀ ਵਿਸ਼ਵ ਜੰਗ ਦੇ ਬੱਦਲ ਮੰਡਰਾ ਰਹੇ ਹਨ। ਜਦਕਿ ਲੋਕ ਹਾਲੇ ਤੱਕ ਦੂਜੇ ਵਿਸ਼ਵ ਯੁੱਧ ਦਾ ਸੰਤਾਪ ਭੁੱਲੇ ਨਹੀਂ। ਫਿਰ ਵੀ ਕਈ ਗੁਣਾ ਹਥਿਆਰ ਬਣਾ ਲਏ ਗਏ ਹਨ। ਪਰ ਤਜ਼ਰਬੇ ’ਚੋਂ ਕਿਸੇ ਨੇ ਕੁੱਝ ਸਿੱਖਿਆ ਨਹੀਂ। ਇਹ ਸ਼ਬਦ ਟ੍ਰੇਡ ਯੂਨੀਅਨ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਇੱਥੇ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ। ਇਰਾਨ-ਇਜ਼ਰਾਇਲ ਜੰਗ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਦੁਨੀਆਂ ਦੇ ਅਮਨ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਨਾਲ ਤੇਲ ਦਾ ਸੰਕਟ ਵਧੇਗਾ ਤੇ ਮਹਿੰਗਾਈ ਵੀ ਵਧੇਗੀ। ਸਾਥੀ ਪਾਸਲਾ ਨੇ ਕੇਂਦਰੀ ਹਕੂਮਤ ’ਤੇ ਵਰ੍ਹਦਿਆਂ ਕਿਹਾ ਕਿ ਭਾਰਤ ਨੇ ਅਮਰੀਕਾ ਮੂਹਰੇ ਗੋਡੇ ਟੇਕ ਕੇ ਦੇਸ਼ ਦੀ ਸੰਪ੍ਰਭੂਤਾ ਨੂੰ ਖੋਰਾ ਲਾਇਆ ਹੈ। ਕੇਂਦਰ ਸਰਕਾਰ ਨੇ ਇਰਾਨ ਦੇ ਮੁਖੀ ਦੇ ਕਤਲ ’ਤੇ ਅਜੇ ਤੱਕ ਵੀ ਅਫਸੋਸ ਜ਼ਾਹਿਰ ਨਹੀਂ ਕੀਤਾ ਹੈ। ਰੂਸ ਤੋਂ ਤੇਲ ਲੈਣ ਦਾ ਫੈਸਲਾ ਵੀ ਅਮਰੀਕਨ ਸਾਮਰਾਜ ਕਰ ਰਿਹਾ ਹੈ। ਪ੍ਰਧਾਨ ਮੰਤਰੀ ਤੇਲ ਖਰੀਦ ਦੇ ਮੁੱਦੇ ’ਤੇ ਚੁੱਪ ਹੈ। ਸਾਥੀ ਪਾਸਲਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਤੋਂ ਸੇਧਿਤ ਭਾਜਪਾ ਹਕੂਮਤ ਵੱਲੋਂ ਧਰਮ ਦੇ ਨਾਂ ’ਤੇ ਕੀਤੀ ਜਾ ਰਹੀ ਸਿਆਸਤ ਨਾਲ ਦੇਸ਼ ਅੰਦਰ ਵੰਡ ਵੇਲ਼ੇ ਨਾਲੋਂ ਬਦਤਰ ਹਲਾਤ ਬਣਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ 12 ਸਾਲਾ ਰਾਜ ਪ੍ਰਬੰਧ ’ਚ ਦੇਸ਼ ਦੀ ਆਰਥਿਕ ਅਤੇ ਵਿਦੇਸ਼ ਨੀਤੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਆਰਥਿਕ ਖ਼ੇਤਰ ਨੂੰ ਨਿੱਜੀਕਰਨ ਦੇ ਨਾਮ ਹੇਠਾਂ ਤਬਾਹ ਕਰ ਦਿੱਤਾ ਗਿਆ ਹੈ, ਰੇਲਵੇ ਵਰਗੇ ਅਦਾਰੇ ਸਮੇਤ ਦੇਸ਼ ਦੇ ਕੁਦਰਤੀ ਸੰਸਾਧਨਾਂ ਨੂੰ ਆਪਣੇ ਕਾਰਪੋਰੇਟ ਦੋਸਤਾਂ ਕੋਲ ਵੇਚਿਆ ਜਾ ਰਿਹਾ ਹੈ। ਲਾਜ਼ਮੀ ਤੌਰਤੇ ਦੇਸ਼ ਅੰਦਰ ਬੇਰੁਜ਼ਗਾਰੀ ’ਚ ਵਾਧਾ ਹੋਵੇਗਾ, ਅਮੀਰੀ ਗਰੀਬੀ ਦਰਮਿਆਨ ਪਾਡ਼ਾ ਵਧੇਗਾ ਅਤੇ ਭਰਾ ਮਾਰੂ ਜੰਗ ਵਧੇਗੀ। ਸਾਥੀ ਪਾਸਲਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਸੰਕਟ ਭਰਪੂਰ ਰਹੇਗਾ। ਜਿਸ ਨੂੰ ਸਿੱੱਧਾ ਗੇਡ਼ ਦੇਣ ਲਈ ਨੌਜਵਾਨਾਂ, ਹਾਸ਼ਿਆ ਗ੍ਰਸਤ ਲੋਕਾਂ, ਔਰਤਾਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਅੱਗੇ ਆਉਣਾ ਪਵੇਗਾ। ਇਸ ਤੋਂ ਪਹਿਲਾਂ ਜ਼ਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸਵਰਨ ਸਿੰਘ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਡ਼ੇ ਸੰਘਰਸ਼ ਦਾ ਜ਼ਿਕਰ ਕਰਦਿਆਂ ਹਾਜ਼ਰੀਨ ਨੂੰ ਜਥੇਬੰਦਕ ਹੋ ਕੇ ਸੰਘਰਸ਼ਾਂ ’ਚ ਕੁੱਦਣ ਦੀ ਅਪੀਲ ਕੀਤੀ। ਮਨਰੇਗਾ ਵਰਕਰਜ਼ ਯੂਨੀਅਨ,ਪੰਜਾਬ ਤੋਂ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਵੀ ਬੀ ਜੀ ਰਾਮ ਜੀ ਯੋਜਨਾ ਰੱਦ ਕਰਕੇ ਮਨਰੇਗਾ ਬਹਾਲ ਅਤੇ ਕੇਂਦਰ ਤੇ ਰਾਜ ਦਾ ਹਿੱਸਾ ਪਹਿਲਾਂ ਦੀ ਤਰ੍ਹਾਂ 90 ਤੇ 10 ਫੀਸਦੀ ਦੇ ਅਨੁਪਾਤ ’ਚ ਰੱਖਣ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਗਿਆਨ ਸਿੰਘ ਗੁਪਤਾ, ਅਮਰਜੀਤ ਕਾਨੂੰਗੋ, ਤਰਲੋਕ ਸਿੰਘ, ਮੁਲਖ ਰਾਜ, ਖੁਸ਼ੀ ਰਾਮ, ਬੋਧ ਰਾਜ ਤਲਵਾੜਾ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ’ਚ ਪੈਨਸ਼ਨਰਜ਼ ਆਗੂ ਸ਼ਿਵ ਕੁਮਾਰ ਨੇ ਹਾਜ਼ਰੀਨ ਦਾ ਧਨਵਾਦ ਕੀਤਾ।