ਕਾਮਰੇਡ ਰਘੁਨਾਥ ਸਿੰਘ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ
ਕਾਮਰੇਡ ਰਘੁਨਾਥ ਸਿੰਘ ਦੀ 6ਵੀ ਬਰਸੀ ਕਰਵਾਏ ਸਮਾਗਮ ਮੌਕੇ ਵੱਡੀ ਗਿਣਤੀ ਚ ਲੋਕਾਂ ਨੇ ਦਿਤੀਆਂ ਸ਼ਰਧਾਂਜਲੀਆਂ
Publish Date: Sun, 08 Mar 2026 06:00 PM (IST)
Updated Date: Mon, 09 Mar 2026 04:07 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸੀਪੀਆਈ ਐੱਮ ਦੇ ਲੰਬਾ ਸਮਾਂ ਸੂਬਾਈ ਸਕੱਤਰੇਤ ਮੈਂਬਰ ਰਹੇ ਅਤੇ ਸੀਆਈਟੀਯੂ ਕੇਂਦਰੀ ਮੀਤ ਪ੍ਰਧਾਨ ਕਾਮਰੇਡ ਰੁਘਨਾਥ ਸਿੰਘ ਦੀ ਛੇਵੀਂ ਬਰਸੀ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ (ਬੀਣੇਵਾਲ ਬੀਤ) ਵਿਖੇ ਭੈਣ ਨਿਰਮਲਾ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਘੂਨਾਥ ਸਿੰਘ ਵਿਦਿਆਰਥੀ ਜੀਵਨ ਤੋ ਲੈ ਕੇ ਆਪਣੇ ਆਖ਼ਰੀ ਸਾਹਾਂ ਤੱਕ ਪਾਰਟੀ ਦੇ ਝੰਡੇ ਨੂੰ ਉੱਚਾ ਰੱਖਦਿਆ ਹੋਇਆ ਮਜਦੂਰਾਂ, ਕਿਸਾਨਾਂ, ਵਿਦਿਆਰਥੀਆਂ ਤੇ ਮੁਲਾਜਮਾਂ ਦੀ ਲੜਾਈ ਨੂੰ ਆਗੂ ਰੋਲ ਦਿੰਦਿਆ ਲੜਦਾ ਰਿਹਾ। ਅੱਜ ਜਦ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਨਾਲ ਟ੍ਰੇਡ ਐਗਰੀਮੈਂਟ ਕਰ ਰਹੀ ਹੈ, ਜੋ ਕਿਸਾਨਾਂ ਦਾ ਅਤੇ ਸਹਾਇਕ ਧੰਦੇ ਕਰਨ ਵਾਲੇ (ਮੁਰਗੀ ਪਾਲਣ,ਮੱਛੀ ਪਾਲਣ, ਡਾਇਰੀ ਫਾਰਮ ਆਦਿ) ਧੰਦਿਆ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਕੇਂਦਰ ਵਲੋਂ ਮਨਰੇਗਾ ਕਾਨੂੰਨ ਨੂੰ 125 ਦਿਨਾਂ ਦੀ ਗੱਲ ਕਰ ਕੇ ਮਜ਼ਦੂਰ ਲੋਕਾਂ ਨਾਲ ਛਲਾਵਾ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਨੇ ਕਿਰਤ ਕਾਨੂੰਨ ਨੂੰ ਵੀ ਪੇਤਲਾ ਕਰ ਕੇ ਚਾਰ ਕੋਡਾ ਵਿਚ ਬਦਲ ਕੇ 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਦੀ ਦਿਹਾੜੀ ਕਰ ਦਿੱਤਾ ਹੈ। ਸਰਕਾਰ ਵਲੋਂ ਬੀਜ (ਸੀਡ) ਬਿੱਲ ਲਿਆ ਕੇ ਕਿਸਾਨਾਂ ਨੂੰ ਆਪਣੇ ਮੰਨ ਪਸੰਦ ਦੀ ਫ਼ਸਲ ਬੀਜਣ ਤੋਂ ਰੋਕਿਆ ਜਾਵੇਗਾ। ਕੇਂਦਰ ਸਰਕਾਰ ਆਪਣੇ ਕੋਰਪੋਰੇਟ ਪੱਖੀ ਕੰਪਨੀਆ ਨੂੰ ਖੇਤੀ ਅੰਦਰ ਮੁਨਾਫ਼ਾ ਦੇਣ ਲਈ ਖੁੱਲ੍ਹੀ ਛੁੱਟੀ ਦੇ ਰਹੀ ਹੈ ਅਤੇ ਕਿਸਾਨਾਂ ਤੋਂ ਆਪਣੇ ਮੰਨ ਮਰਜ਼ੀ ਦੀਆ ਫਸਲਾਂ ਬਿਜਵਾਉਣ ਲਈ ਮਜਬੂਰ ਕਰਨਗੇ। ਇਸ ਮੌਕੇ ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾਈ ਸਕਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਬਿਜਲੀ ਐਕਟ 2025 ਲਿਆ ਕਿ ਕੇਂਦਰ ਸਰਕਾਰ ਲੋਕਾਂ ਨੂੰ ਮਿਲ ਰਹੀਆਂ ਬਿਜਲੀ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ ਅਤੇ ਮੀਟਰ ਪ੍ਰੀ ਪੇਡ ਕਰ ਕੇ ਮੋਬਾਈਲ ਸਿਮ ਦੀ ਤਰਾਂ ਲੋਕਾਂ ਤੋਂ ਪੈਸੇ ਲੁੱਟਣ ਲਈ ਆਪਣੇ ਮਿੱਤਰ ਕਾਰਪੋਰੇਟਾ ਨੂੰ ਵੇਚ ਰਹੀ ਹੈ।ਪੰਜਾਬ ਸਰਕਾਰ ਵਲੋਂ ਜੋ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਹੈ ਸਰਕਾਰ ਉਸ ਵਿੱਚ ਬੁਰੀ ਤਰਾਂ ਫ਼ੇਲ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਾਂ ਵਿਰੁੱਧ ਪ੍ਰਹਾਰ ਮੁਹਿਮ ’ਚ ਵੀ ਸਰਕਾਰ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਦਿੱਤੀਆ ਖੁੱਲੀਆਂ ਛੋਟਾਂ ਕਾਰਨ ਪੁਲਿਸ ਅਦਾਲਤ ਦਾ, ਜਲਾਦ ਦਾ ਤੇ ਪੁਲਿਸ ਦਾ ਤਿੰਨੇ ਕੰਮ ਨਿਭਾਅ ਰਹੀ ਹੈ। ਇਸ ਮੌਕੇ ਪਾਰਟੀ ਸੂਬਾਈ ਸਕੱਤਰੇਤ ਮੈਂਬਰ ਜਤਿੰਦਰ ਪਾਲ ਸਿੰਘ, ਦਰਸ਼ਨ ਸਿੰਘ ਮੱਟੂ ਨੇ ਕਿਹਾ ਕੇ 11 ਮਾਰਚ ਤੋਂ ਜੋ ਪਾਰਟੀ ਦਾ ਕੇਂਦਰੀ ਜਥਾ 4 ਬਿੱਲਾਂ ਵਿਰੁੱਧ ਤੇ ਅਮਰੀਕਾ ਨਾਲ ਕਿਤੇ ਸਮਝੌਤਿਆ ਦੇ ਵਿਰੋਧ ’ਚ ਤਰਨਤਾਰਨ ਤੋਂ ਸ਼ੁਰੂ ਹੁੰਦਿਆ 13 ਮਾਰਚ ਨੂੰ ਗੜ੍ਹਸ਼ੰਕਰ 12 ਵਜੇ ਪਹੁੰਚੇਗਾ, ਉਸ ਦਾ ਪੁਰਜ਼ੋਰ ਸਵਾਗਤ ਕੀਤਾ ਜਾਏਗਾ। ਇਸਤਰੀ ਸਭਾ ਦੇ ਪੰਜਾਬ ਦੇ ਪ੍ਰਧਾਨ ਸੁਭਾਸ਼ ਮੱਟੂ ਤੇ ਆਂਗਣਵਾੜੀ ਦੀ ਸਟੇਟ ਆਗੂ ਕ੍ਰਿਸ਼ਨਾ ਦੇਵੀ ਨੇ ਕਿਹਾ ਇਹਨਾਂ ਸੰਘਰਸ਼ਾਂ ’ਚ ਔਰਤਾਂ ਵੱਧ ਚੜ ਕੇ ਹਿੱਸਾ ਲੈਣਗੀਆ। ਇਸ ਮੌਕੇ ਸੀਆਈਟੀਯੂ ਦੇ ਪ੍ਰਧਾਨ ਮਹਾਂ ਸਿੰਘ ਰੌੜੀ, ਰਜਿੰਦਰ ਕੌਰ, ਸੁਰਜੀਤ ਸਿੰਘ ਢੇਰ, ਮਾ. ਪ੍ਰੇਮ ਸਿੰਘ ਰੱਕੜ, ਰਾਮ ਜੀ ਦਾਸ ਚੌਹਾਨ, ਰਮੇਸ਼ ਧੀਮਾਨ, ਸੁਲਿੰਦਰ ਚੁੰਬਰ, ਨੀਲਮ ਬਢੋਆਣ, ਗਰੀਬਦਾਸ, ਮੋਹਨ ਲਾਲ, ਗਰਧਾਰੀ ਲਾਲ, ਕਲਭੂਸ਼ਣ ਕੁਮਾਰ, ਅਮਨ, ਰੋਸ਼ਨ ਲਾਲ, ਗੁਰਚਰਨ ਨੈਣਵਾਂ ਆਦਿ ਆਗੂ ਹਾਜ਼ਰ ਹੋਏ।