ਹੁਸ਼ਿਆਰਪੁਰ ਸਾਈਕਲੋਥਾਨ-2026 : 171 ਸਾਈਕਲਿਸਟਾਂ ਨੇ ਨਸ਼ਿਆਂ ਤੇ ਪਲਾਸਟਿਕ ਵਿਰੁੱਧ ਦਿੱਤਾ ਹੋਕਾ
ਹੁਸ਼ਿਆਰਪੁਰ ਸਾਈਕਲੋਥਾਨ 2026: 7 ਰਾਜਾਂ ਦੇ 171 ਸਾਈਕਲਿਸਟਾਂ ਨੇ ਨਸ਼ਿਆਂ ਅਤੇ ਪਲਾਸਟਿਕ ਵਿਰੁੱਧ ਦਿੱਤਾ ਹੋਕਾ
Publish Date: Sun, 08 Mar 2026 05:43 PM (IST)
Updated Date: Mon, 09 Mar 2026 04:06 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਫਿੱਟ ਬਾਈਕਰ ਕਲੱਬ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤੇ ‘ਪਲਾਸਟਿਕ ਮੁਕਤ ਹੁਸ਼ਿਆਰਪੁਰ’ ਦੇ ਸੁਨੇਹੇ ਤਹਿਤ ਕਰਵਾਈ ਗਈ ਸਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2026 ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਸਾਈਕਲੋਥਾਨ ’ਚ ਦੇਸ਼ ਦੇ 7 ਰਾਜਾਂ ਤੋਂ ਆਏ 171 ਸਾਈਕਲਿਸਟਾਂ ਨੇ ਹਿੱਸਾ ਲਿਆ। ਸਵੇਰੇ ਸਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਸ਼ੁਰੂ ਹੋਈ ਇਸ ਸਾਈਕਲੋਥਾਨ ਨੂੰ ਵਧੀਕ ਡਿਪਟੀ ਕਮਿਸ਼ਨਰ ਓਈਸ਼ੀ ਮੰਡਲ ਤੇ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਅਕਸ਼ੇ ਸਾਗਵਾਨ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਦੱਸਿਆ ਕਿ 100 ਕਿਲੋਮੀਟਰ ਦੀ ਇਸ ਸਾਈਕਲੋਥਾਨ ’ਚ 14 ਤੋਂ 85 ਸਾਲ ਦੀ ਉਮਰ ਦੇ ਸਾਈਕਲਿਸਟਾਂ ਨੇ ਹਿੱਸਾ ਲਿਆ। ਇਹ ਯਾਤਰਾ ਹੁਸ਼ਿਆਰਪੁਰ ਤੋਂ ਦਸੂਹਾ ਤੇ ਉੱਚੀ ਬਸੀ ਰਾਹੀਂ ਵਾਪਸ ਆ ਕੇ ਸਚਦੇਵਾ ਸਟਾਕਸ ਦੇ ਮੁੱਖ ਦਫਤਰ ’ਤੇ ਸਮਾਪਤ ਹੋਈ। ਇਸ ਮੌਕੇ ਮੁੱਖ ਮਹਿਮਾਨ ਓਈਸ਼ੀ ਮੰਡਲ ਤੇ ਅਕਸ਼ੇ ਸਾਗਵਾਨ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਨਾ ਸਿਰਫ਼ ਤੰਦਰੁਸਤੀ ਦਾ ਸੁਨੇਹਾ ਦਿੰਦਾ ਹੈ ਸਗੋਂ ਨਸ਼ਿਆਂ ਤੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜਿਕ ਸੁਧਾਰ ਲਈ ਮਹੱਤਵਪੂਰਨ ਹਨ ਤੇ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਪਰਮਜੀਤ ਸਚਦੇਵਾ ਨੇ ਦੱਸਿਆ ਕਿ ਸਾਈਕਲੋਥਾਨ ਲਈ ਇਕੱਠੀ ਹੋਈ ਰਜਿਸਟ੍ਰੇਸ਼ਨ ਫੀਸ ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾ ਨੂੰ ਦਾਨ ਕਰ ਦਿੱਤੀ ਗਈ ਹੈ। ਸਾਈਕਲੋਥਾਨ ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਸ਼ੇਸ਼ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਲੱਗਭਗ 10 ਮਹਿਲਾ ਸਾਈਕਲਿਸਟਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਪਰਮਜੀਤ ਸਚਦੇਵਾ ਨੇ ਦੱਸਿਆ ਕਿ ਦਸੂਹਾ ਵਿਖੇ ਸਾਈਕਲਿਸਟਾਂ ਦਾ ਵਿਧਾਇਕ ਕਰਮਵੀਰ ਘੁੰਮਣ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਨੇ ਯਾਤਰਾ ਦੌਰਾਨ ਸੁਚੱਜੇ ਤਰੀਕੇ ਨਾਲ ਟ੍ਰੈਫਿਕ ਪ੍ਰਬੰਧਨ ਕਰ ਕੇ ਸਮਾਗਮ ਨੂੰ ਸਫਲ ਬਣਾਇਆ। ਕਲੱਬ ਵੱਲੋਂ ਸਾਈਕਲਿਸਟਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਤੇ ਹਰ ਭਾਗੀਦਾਰ ਨੂੰ ਟੀ-ਸ਼ਰਟ, ਮੈਡਲ ਤੇ ਤਾਜ਼ਗੀ ਪਦਾਰਥ ਦਿੱਤੇ ਗਏ। ਇਸ ਮੌਕੇ ਸਾਈਕਲਿਸਟ ਡਾ. ਪਵਨ ਢੀਂਗਰਾ (ਲੁਧਿਆਣਾ), ਮੇਘਾ ਜੈਨ (ਲੁਧਿਆਣਾ) ਤੇ ਰੁਪੇਸ਼ ਕੁਮਾਰ ਬਾਲੀ ਨੂੰ ਵੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ, ਰੋਹਿਤ ਬਸੀ, ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਰਮਨਦੀਪ ਬੋਪਾਰਾਏ, ਦੌਲਤ ਸਿੰਘ, ਦਲਵੀਰ ਸਿੰਘ ਰੇਹਸੀ, ਤਰਲੋਚਨ ਸਿੰਘ, ਓਂਕਾਰ ਸਿੰਘ ਤੇ ਅਮਰਿੰਦਰ ਸੈਣੀ ਸਮੇਤ ਹੋਰ ਮੈਂਬਰ ਮੌਜੂਦ ਸਨ।