ਮਾਡਰਨ ਗਰੁੱਪ ਆਫ਼ ਕਾਲਜ਼ਿਜ਼ ਨੇ ਕੇਸ-ਆਧਾਰਿਤ ਮੁਕਾਬਲਾ ਕਰਵਾਇਆ
ਮਾਡਰਨ ਗਰੁੱਪ ਆਫ਼ ਕਾਲਜਿਸ ਨੇ ਕੇਸ-ਆਧਾਰਿਤ ਮੁਕਾਬਲਾ ਕਰਵਾਇਆ
Publish Date: Sun, 08 Mar 2026 05:37 PM (IST)
Updated Date: Mon, 09 Mar 2026 04:06 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਵੱਲੋਂ ਟੈਕਨੀਕਲ ਕਲੱਬ ਦੀ ਅਗਵਾਈ ਹੇਠ “ਕੇਸ ਮੁਕਾਬਲਾ 2026 : ਸਥਾਨਕ ਇਲਾਕੇ ਦੀ ਦੇਖਭਾਲ ਅਤੇ ਲੋਕਾਂ ਦੀ ਸੇਵਾ” ਵਿਸ਼ੇ ਤਹਿਤ ਇੱਕ ਵਿਲੱਖਣ ਕੇਸ-ਆਧਾਰਿਤ ਮੁਕਾਬਲੇ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣਾਤਮਕ ਸੋਚ, ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ, ਟੀਮ ਵਰਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਮੁਕਾਬਲੇ ਦਾ ਆਗਾਜ਼ ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਕੀਤਾ, ਜਦਕਿ ਜੱਜ ਪੈਨਲ ਵਿੱਚ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ, ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਆਪਕ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਊਰਜਾ ਬੱਚਤ, ਸਥਾਨਕ ਸੈਰ-ਸਪਾਟਾ ਅਤੇ ਰੁਜ਼ਗਾਰ ਸਿਰਜਣਾ, ਵਿਦਿਆਰਥੀ ਮਾਨਸਿਕ ਸਿਹਤ ਅਤੇ ਕੈਂਪਸ ਪਾਣੀ ਪ੍ਰਬੰਧਨ ਵਰਗੀਆਂ ਸਮੱਸਿਆਵਾਂ ‘ਤੇ ਆਧਾਰਿਤ ਕੇਸ ਦਿੱਤੇ ਗਏ, ਜਿਨ੍ਹਾਂ ਦੇ ਹੱਲ ਉਨ੍ਹਾਂ ਨੇ ਵਿਹਾਰਿਕ ਤੌਰ ‘ਤੇ ਪੇਸ਼ ਕੀਤੇ। ਮੁਕਾਬਲੇ ਵਿੱਚ ਪਹਿਲਾ ਸਥਾਨ ਟੀਮ ਡੀ ਨੇ ਹਾਸਲ ਕੀਤਾ, ਜਿਸ ਦੀ ਅਗਵਾਈ ਸੁਖਵੀਰ ਕੌਰ ਨੇ ਕੀਤੀ ਅਤੇ ਟੀਮ ਮੈਂਬਰਾਂ ਵਿੱਚ ਸਿਮਰਨ ਕੌਰ ਅਤੇ ਅੰਕਿਤਾ ਸ਼ਾਮਲ ਸਨ। ਦੂਜਾ ਸਥਾਨ ਟੀਮ ਬੀ ਨੇ ਪ੍ਰਾਪਤ ਕੀਤਾ, ਜਿਸ ਦੀ ਟੀਮ ਲੀਡਰ ਬੰਦਨਾ ਸੀ ਅਤੇ ਟੀਮ ਮੈਂਬਰਾਂ ਵਿੱਚ ਰਾਧਿਕਾ, ਮਹਿਮਾ, ਰੌਕੀ, ਨੰਦਿਨੀ ਅਤੇ ਗੀਤਿਕਾ ਸ਼ਾਮਲ ਸਨ। ਤੀਜਾ ਸਥਾਨ ਟੀਮ ਈ ਨੇ ਹਾਸਲ ਕੀਤਾ, ਜਿਸ ਦੀ ਅਗਵਾਈ ਫੌਜ਼ੀਆ ਗੁਲਜ਼ਾਰ ਨੇ ਕੀਤੀ ਅਤੇ ਟੀਮ ਮੈਂਬਰਾਂ ਵਿੱਚ ਮੁਨਤਜ਼ਲ ਮੁਨਤਜ਼ਾ ਜਨ, ਬੁਸ਼ਰਾ ਅੱਬਾਸ, ਨਾਇਲਾ ਅਤੇ ਤਾਬਿਸ਼ ਸ਼ਾਮਲ ਸਨ। ਇਸ ਸਮੇਂ ਇਨਾਮਾਂ ਦੀ ਵੰਡ ਚੇਅਰਮੈਨ ਸੁਰਜੀਤ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਨੂੰ ਅਮਲੀ ਜੀਵਨ ਨਾਲ ਜੋੜਨ ਦਾ ਮੌਕਾ ਦਿੰਦਿਆਂ ਸੰਸਥਾ ਦੀ ਸਮਾਜ-ਕੇਂਦਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ ਹੈ। ਤਕਨੀਕੀ ਕਲੱਬ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਮੁਕਾਬਲਿਆਂ ਦੀ ਕਾਫ਼ੀ ਜਰੂਰਤ ਹੈ, ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।