ਔਰਤ ਹਰ ਖੇਤਰ ’ਚ ਸਫ਼ਲ ਰੋਲ ਅਦਾ ਕਰਦੀ ਹੈ
ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Sun, 08 Mar 2026 05:17 PM (IST)
Updated Date: Mon, 09 Mar 2026 04:04 AM (IST)

ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਵਿਮੈਨ ਗ੍ਰੀਵੀਐਂਸ ਸੈੱਲ ਅਤੇ ਰਾਜਨੀਤੀ ਸਾਸ਼ਤਰ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਤੋਂ ਡਾ. ਕਮਲਾ ਅਤੇ ਡਾ. ਸ਼ਿਆਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਸ਼ਿਆਮਾ ਨੇ ਦੱਸਿਆ ਕਿ ਇਹ ਦਿਨ ਔਰਤਾਂ ਤੇ ਮਰਦਾਂ ਦੀ ਸਮਾਨਤਾ ਦੀ ਗੱਲ ਕਰਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਮੰਤਵ ਉਨ੍ਹਾਂ ਔਰਤਾਂ ਨੂੰ ਯਾਦ ਕਰਨਾ ਹੈ, ਜਿਨ੍ਹਾਂ ਔਰਤਾਂ ਨੇ ਵੱਖ-ਵੱਖ ਖੇਤਰਾਂ ’ਚ ਆਪਣਾ ਸਥਾਨ ਬਣਾਇਆ ਹੈ। ਡਾ. ਕਮਲਾ ਨੇ ਔਰਤ ਦੇ ਵੱਖ-ਵੱਖ ਪੱਖਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤਾਂ ਸਚਮੁੱਚ ਕਮਜ਼ੋਰ ਹਨ? ਕੀ ਉਨ੍ਹਾਂ ਦਾ ਸਚਮੁੱਚ ਸ਼ਕਤੀਕਰਨ ਕੀਤਾ ਜਾਣਾ ਚਾਹੀਦਾ ਹੈ? ਉਨ੍ਹਾਂ ਨੇ ਦੱਸਿਆ ਕਿ ਔਰਤ ਦੀ ਪੂਰਵ ਕਾਲ ਵਿਚ ਸਥਿਤੀ ਬਹੁਤ ਵਧੀਆ ਸੀ ਪਰ ਜਦੋਂ ਖੇਤੀਬਾੜੀ ਯੁੱਗ ਆਇਆ ਉਦੋਂ ਉਹਦੀ ਸਥਿਤੀ ਵਿਚ ਨਿਘਾਰ ਪੈਦਾ ਹੋਏ ਕਿਉਂਕਿ ਔਰਤ ਘਰਾਂ ਦੇ ਕੰਮਾਂ ਤੱਕ ਸੀਮਤ ਰਹਿ ਗਈ ਤੇ ਮਰਦ ਬਾਹਰਲੇ ਕੰਮ ਕਰਨ ਲੱਗ ਪਿਆ ਜਿਸ ਕਾਰਨ ਔਰਤ ਆਰਥਿਕ ਤੌਰ ’ਤੇ ਪਛੜ ਗਈ ਅਤੇ ਉਸਨੂੰ ਸੰਪੂਰਨ ਤੌਰ ’ਤੇ ਮਰਦ ’ਤੇ ਨਿਰਭਰ ਹੋਣਾ ਪੈ ਗਿਆ। ਪ੍ਰੋ. ਲਖਵਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਰਤ ਹਰ ਖੇਤਰ ਵਿਚ ਸਫ਼ਲ ਰੋਲ ਅਦਾ ਕਰਦੀ ਹੈ। ਔਰਤ ਹੀ ਆਪਣੇ ਬੱਚਿਆਂ ਨੂੰ ਸਹੀ ਨੈਤਿਕ ਕਦਰਾਂ ਕੀਮਤਾਂ ਦੇ ਕੇ ਜ਼ਿੰਦਗੀ ਦੀ ਹਰ ਮੁਸ਼ਕਿਲ ਵਿਚੋਂ ਨਿਕਲਣ ਲਈ ਤਿਆਰ ਕਰਦੀ ਹੈ। ਵੁਮੈਨ ਸੈੱਲ ਦੇ ਕਨਵੀਨਰ ਡਾ. ਜਾਨਕੀ ਅਗਰਵਾਲ ਨੇ ਆਏ ਹੋਏ ਬੁਲਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਔਰਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਉਹ ਹਰ ਇਕ ਹਾਲਾਤ ਨੂੰ ਵਧੀਆ ਢੰਗ ਨਾਲ ਨਜਿੱਠ ਸਕਦੀਆਂ ਹਨ। ਪ੍ਰੋ. ਪ੍ਰਿਅੰਕਾ ਰਾਣੀ ਕੰਵਰ ਮੁਖੀ ਰਾਜਨੀਤੀ ਸਾਸ਼ਤਰ ਵਿਭਾਗ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਡਾ. ਹਰਵਿੰਦਰ ਕੌਰ ਡਾ. ਅਰਵਿੰਦਰ ਕੌਰ, ਡਾ. ਮੁਕੇਸ਼ ਸ਼ਰਮਾ, ਡਾ. ਸੰਘਾ ਗੁਰਬਖਸ਼ ਕੌਰ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।