ਐੱਸਪੀਐੱਨ ਕਾਲਜ ’ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਐੱਸਪੀਐੱਨ ਕਾਲਜ ਵਿੱਚਮਨਾਇਆ ਕੌਮਾਂਤਰੀ ਮਹਿਲਾ ਦਿਵਸ
Publish Date: Sat, 07 Mar 2026 08:20 PM (IST)
Updated Date: Sun, 08 Mar 2026 04:18 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਐੱਸਪੀਐੱਨ ਕਾਲਜ ਮੁਕੇਰੀਆਂ ਦੇ ਮਹਿਲਾ ਵਿਕਾਸ ਸੈੱਲ ਅਤੇ ਐੱਨਐੱਸਐੱਸ ਵਿੰਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਦੀਪ ਰੁਸ਼ਨਾਉਣ ਨਾਲ ਕੀਤੀ ਗਈ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਹਿਲਾਵਾਂ ਦੀਆਂ ਉਪਲੱਬਧੀਆਂ, ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਹਿਲਾਵਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਾਪਤ ਅਤੇ ਸਸ਼ਕਤ ਮਹਿਲਾਵਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਦੀ ਨੀਂਹ ਹੁੰਦੀਆਂ ਹਨ। ਕੋ-ਆਰਡੀਨੇਟਰ ਡਾ. ਸੋਨੀਆ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਿਰਫ਼ ਇੱਕ ਵਿਚਾਰ ਨਹੀਂ, ਸਗੋਂ ਇੱਕ ਸਮਾਜਿਕ ਲੋੜ ਹੈ। ਉਨ੍ਹਾਂ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਸਮਾਜ ਵਿੱਚ ਸਮਾਨਤਾ ਦੀ ਭਾਵਨਾ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪੂਰੇ ਕੈਂਪਸ ਵਿੱਚ ਉਤਸ਼ਾਹ ਅਤੇ ਪ੍ਰੇਰਣਾ ਦਾ ਮਾਹੌਲ ਬਣਿਆ ਰਿਹਾ। ਪ੍ਰੋਗਰਾਮ ਵਿੱਚ ਮਨਾਵਤਾ ਵੈੱਲਫੇਅਰ ਸੁਸਾਇਟੀ ਬੁੱਢਾਵੜ ਦੀ ਸਰਪ੍ਰਸਤ ਬੀਬੀ ਹਰਪਿੰਦਰ ਕੌਰ ਅਤੇ ਸੁਸਾਇਟੀ ਦੇ ਪ੍ਰਧਾਨ ਯਸ਼ਕਰਨ ਸਿੰਘ ਨੇ ਵਿਦਿਆਰਥਣਾਂ ਨੂੰ ਪੀਪੀਟੀ ਰਾਹੀਂ ਸਿਹਤ ਵਿਸ਼ੇ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤਾ ਅਤੇ ਮੁੱਫ਼ਤ ਆਰਗੈਨਿਕ ਸੈਨਿਟਰੀ ਪੈੱਡ ਵੀ ਵੰਡੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਰਸ਼ਾ ਸਵਰਾਜ, ਮੀਨਾਕਸ਼ੀ ਆਨੰਦ, ਅਲਕਾ ਲਖਨਪਾਲ, ਸ਼ੁਕਲਾ ਮਹਾਜਨ, ਸੁਨੀਤਾ ਸ਼ਾਕਰ ਅਤੇ ਰੇਨੂੰ ਅਗਰਵਾਲ ਆਦਿ ਨੇ ਸ਼ਿਰਕਤ ਕੀਤੀ ਤੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਸੋਨੀਆ ਸ਼ਰਮਾ ਵੱਲੋਂ ਬਾਖੂਬੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਮਿਸ ਐੱਸਪੀਐੱਨ ਦਾ ਖ਼ਿਤਾਬ ਮੇਘਾ ਨੇ, ਮਿਸ ਬਿਊਟੀਫੁੱਲ ਹਰਪ੍ਰੀਤ ਕੌਰ ਨੇ ਅਤੇ ਮਿਸ ਚਾਰਮਿੰਗ ਸਿਮਰਨਜੀਤ ਨੇ ਆਪਣੇ ਨਾਮ ਕੀਤਾ। ਅੰਤ ਵਿੱਚ ਡਾ. ਸੋਨੀਆ ਸ਼ਰਮਾ ਨੇ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੀਆਂ ਸਾਰੀਆਂ ਮਹਿਲਾ ਅਧਿਆਪਕਾਂ ਅਤੇ ਵੱਡੀ ਗਿਣਤੀ ਵਿਦਿਆਰਥਣਾਂ ਹਾਜ਼ਰ ਸਨ।