ਸਮਾਜ ਦੀ ਤਰੱਕੀ ’ਚ ਔਰਤਾਂ ਦੀ ਅਹਿਮ ਭੂਮਿਕਾ : ਬੀਬੀ ਹਰਪਿੰਦਰ ਕੌਰ
ਸਮਾਜ ਦੀ ਤਰੱਕੀ ਵਿੱਚ ਔਰਤਾਂ ਦੀ ਅਹਿਮ ਭੂਮਿਕਾ - ਬੀਬੀ ਹਰਪਿੰਦਰ ਕੌਰ
Publish Date: Sat, 07 Mar 2026 08:18 PM (IST)
Updated Date: Sun, 08 Mar 2026 04:18 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮਾਨਵਤਾ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਦਲਵਾਲੀ ਕਲਾਂ ਦਤਾਰਪੁਰ ਵਿੱਚ ਜੈ ਮਾਤਾ ਅਜੀਵੀਕਾ ਸੈਲਫ਼ ਹੈਲਪ ਗਰੁੱਪ ਦੇ ਸਹਿਯੋਗ ਨਾਲ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਿੰਡ ਦੀਆਂ ਕਈ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮਹਿਲਾਵਾਂ ਦੀ ਸਸ਼ਕਤੀਕਰਨ ਸੰਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ। ਇਸ ਸਮੇਂ ਸੁਸਾਇਟੀ ਦੀ ਸਰਪਰਸਤ ਤੇ ਸਮਾਜ ਸੇਵਿਕਾ ਬੀਬੀ ਹਰਪਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਅਤੇ ਮਿਹਨਤ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਬੀਬੀ ਹਰਪਿੰਦਰ ਕੌਰ ਨੇ ਦੱਸਿਆ ਕਿ ਮਾਨਵਤਾ ਵੈੱਲਫੇਅਰ ਸੁਸਾਇਟੀ ਵੱਲੋਂ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਵੱਖ-ਵੱਖ ਕਿਸਮ ਦੀਆਂ ਟ੍ਰੇਨਿੰਗਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਔਰਤਾਂ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ ਅਤੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਬਣਾ ਸਕਣ। ਇਸ ਦੌਰਾਨ ਸੁਸਾਇਟੀ ਵੱਲੋਂ ਜੈ ਮਾਤਾ ਅਜੀਵੀਕਾ ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਨੂੰ ਕੰਬਲ ਅਤੇ ਸੈਨਟਰੀ ਪੈੱਡ ਵੀ ਵੰਡੇ ਗਏ। ਮਹਿਲਾਵਾਂ ਨੇ ਇਸ ਉਪਰਾਲੇ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਇਸਨੂੰ ਮਹਿਲਾ ਸਿਹਤ ਅਤੇ ਸੁਰੱਖਿਆ ਲਈ ਇੱਕ ਸ਼ਲਾਘਾਯੋਗ ਕਦਮ ਦੱਸਿਆ। ਸਮਾਗਮ ਵਿੱਚ ਜੈ ਮਾਤਾ ਅਜੀਵੀਕਾ ਸੈਲਫ਼ ਹੈਲਪ ਗਰੁੱਪ ਦੀ ਪ੍ਰਧਾਨ ਕਵਿਤਾ ਦੇਵੀ ਵੀ ਮੌਜੂਦ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਸਾਇਟੀ ਹਮੇਸ਼ਾ ਸਮਾਜਿਕ ਭਲਾਈ ਦੇ ਕੰਮਾਂ ਲਈ ਸਮਰਪਿਤ ਰਹੀ ਹੈ ਅਤੇ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਜ਼ਰੂਰਤਮੰਦ ਵਰਗ ਦੀ ਸਹਾਇਤਾ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਮਾਨਵਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਯਸ਼ਕਰਨ ਸਿੰਘ, ਸਟੇਟ ਬੈਂਕ ਆਫ਼ ਇੰਡੀਆ ਤੋਂ ਬਲਵੰਤ ਸਿੰਘ ਅਤੇ ਪਿੰਡ ਦੀਆਂ ਹੋਰ ਮਹਿਲਾਵਾਂ ਵੀ ਹਾਜ਼ਰ ਸਨ।