ਹਿਮਾਚਲ ਵੱਲੋਂ ਐਂਟਰੀ ਫੀਸ ਵਿਚ ਕੀਤੇ ਭਾਰੀ ਵਾਧੇ ਕਾਰਨ ਲੋਕਾਂ ’ਚ ਰੋਸ
ਹਿਮਾਚਲ ਸਰਕਾਰ ਵੱਲੋਂ ਐਂਟਰੀ ਫੀਸ ਚ ਕੀਤੇ ਭਾਰੀ ਵਾਧੇ ਕਾਰਨ ਲੋਕਾਂ ਵਿੱਚ ਭਾਰੀ ਰੋਸ: ਅਜਾਇਬ ਸਿੰਘ ਬੋਪਾਰਾਏ
Publish Date: Sat, 07 Mar 2026 07:27 PM (IST)
Updated Date: Sun, 08 Mar 2026 04:15 AM (IST)

ਹਿਮਾਚਲ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵਾਧਾ ਵਾਪਸ ਲੈਣ ਦੀ ਅਪੀਲ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਹਿਮਾਚਲ ਸਰਕਾਰ ਵੱਲੋਂ ਹਿਮਾਚਲ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਤੇ ਲਗਾਏ ਜਾ ਰਹੇ ਐਂਟਰੀ ਟੈਕਸ ਚ ਭਾਰੀ ਵਾਧਾ ਕੀਤਾ ਗਿਆ ਹੈ। ਜਿਸ ਕਾਰਨ ਰੋਜ਼ਾਨਾ ਹਿਮਾਚਲ ਪ੍ਰਦੇਸ਼ ਜਾਣ ਵਾਲੇ ਵਾਹਨਾਂ ਚਾਲਕਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਅੱਜ ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ, ਪੰਚਾਇਤ ਸੰਮਤੀ ਮੈਂਬਰ ਕਮਲ ਕਟਾਰੀਆ ਅਤੇ ਸਾਬਕਾ ਸਰਪੰਚ ਸੰਜੀਵ ਰਾਣਾ ਦੀ ਅਗਵਾਈ ਹੇਠ ਹਿਮਾਚਲ ਦੇ ਹੱਦ ਤੇ ਇਕੱਠੇ ਹੋਏ ਅਤੇ ਬੀਤ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਪੰਜਾਬ ਨਾਲ ਲੱਗਦੇ ਹਿਮਾਚਲ ਦੇ ਪਿੰਡਾਂ ਵਿੱਚ ਹਨ ਅਤੇ ਬੀਤ ਦੇ ਲੋਕਾਂ ਨੂੰ ਅਕਸਰ ਹਿਮਾਚਲ ਜਾਣਾ ਪੈਂਦਾ ਹੈ। ਪਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਹਰੇਕ ਛੋਟੇ-ਵੱਡੇ ਵਾਹਨਾਂ ਤੇ ਲੱਗਣ ਵਾਲੀ ਪਰਚੀ ਦੇ ਰੇਟਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਅਜਾਇਬ ਸਿੰਘ ਬੋਪਾਰਾਏ ਨੇ ਦੱਸਿਆ ਕਿ ਹਿਮਾਚਲ ਹੱਦ ਤੇ ਪਹਿਲਾਂ ਕਾਰ ਦਾ ਐਂਟਰੀ ਟੈਕਸ 70 ਰੁਪਏ ਲਿਆ ਜਾਂਦਾ ਹੈ , ਜਿਸ ਨੂੰ ਵਧਾ ਕੇ ਹੁਣ 170 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੱਸਾਂ, ਟਰੱਕਾਂ ਤੇ ਹੋਰ ਵਾਹਨਾਂ ਦੀ ਐਂਟਰੀ ਫੀਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਹੈ। ਇਸ ਮੌਕੇ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਐਂਟਰੀ ਟੈਕਸ ਵਿੱਚ ਕੀਤੇ ਭਾਰੀ ਵਾਧੇ ਨੂੰ ਤੁਰੰਤ ਵਾਪਸ ਲੈਕੇ ਪੰਜਾਬ ਦੇ ਲੋਕਾਂ ਖਾਸ ਕਰ ਬੀਤ ਇਲਾਕੇ ਦੇ ਲੋਕਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਮਹਾਂਸਭਾ ਪੂਰੇ ਬੀਤ ਇਲਾਕੇ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਤੇ ਇਹਨਾਂ ਤੋਂ ਇਲਾਵਾ ਡਾਕਟਰ ਮਹਿੰਦਰ ਅੰਗਾਰ, ਸਰਵੇਸ਼ ਰਾਣਾ ਲੀਡਰ, ਬੰਟੀ ਕੋਕੋਵਾਲ, ਸ਼ੁਵਮ ਰਾਣਾ, ਲੀਡਰ ਕਟਾਰੀਆ, ਬਾਬੂ ਕੋਕੋਵਾਲ, ਜਸਪਾਲ ਰਾਣਾ ਅਤੇ ਮਨੀ ਆਦਿ ਹਾਜ਼ਰ ਸਨ।