ਵੱਡੀ ਕਾਰਵਾਈ; ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ
ਹੁਸ਼ਿਆਰਪੁਰ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ; ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ
Publish Date: Sat, 07 Mar 2026 07:12 PM (IST)
Updated Date: Sun, 08 Mar 2026 04:15 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸਿਟੀ ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਨਾਨਕ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਦੇ ਹੋਏ ਧੋਬੀ ਘਾਟ ਰਾਹੀਂ ਊਨਾ ਰੋਡ ਵੱਲ ਜਾ ਰਹੇ ਸਨ। ਪੁਲਿਸ ਮੁਤਾਬਕ ਜਦੋਂ ਟੀਮ ਨਗਰ ਨਿਗਮ ਦੇ ਨਜ਼ਦੀਕ ਦੋ ਪੈਦਲ ਆ ਰਹੇ ਵਿਅਕਤੀ ਪੁਲਿਸ ਨੂੰ ਦੇਖ ਕੇ ਮੋਮੀ ਲਿਫਾਫਾ ਸੁੱਟ ਕੇ ਭੱਜਣ ਲੱਗੇ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਮੇਜਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਕਿੱਕਰ ਸਿੰਘ ਪੁੱਤਰ ਕਾਰਜ ਸਿੰਘ, ਦੋਵੇਂ ਵਾਸੀਆਨ ਪਿੰਡ ਅਮਰਗੜ ਬਾਡੀਆ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਮੇਜਰ ਸਿੰਘ ਕੋਲੋਂ ਕਥਿਤ ਤੌਰ ’ਤੇ 22 ਗ੍ਰਾਮ ਅਤੇ ਕਿੱਕਰ ਸਿੰਘ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਬਾਕਸ-- ਜਲੰਧਰ ਦੇ ਦੋ ਨੌਜਵਾਨ 79 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਬੁੱਲ੍ਹੋਵਾਲ ਪੁਲਿਸ ਨੇ ਨਸਰਾਲਾ ਖੇਤਰ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਏ.ਐਸ.ਆਈ. ਰਾਜੇਸ਼ ਕੁਮਾਰ ਦੀ ਟੀਮ ਨੇ ਸ਼ੱਕ ਦੇ ਆਧਾਰ ਤੇ ਆਰੀਅਨ ਉਰਫ ਅਬੀ ਅਤੇ ਵਿਵੇਕ ਕੁਮਾਰ ਉਰਫ ਬੀਨੂੰ (ਦੋਵੇਂ ਵਾਸੀ ਆਦਮਪੁਰ, ਜਲੰਧਰ) ਨੂੰ ਰੋਕਿਆ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਆਪਣੀਆਂ ਜੇਬਾਂ ਵਿੱਚੋਂ ਕਾਲੇ ਰੰਗ ਦੇ ਲਿਫਾਫੇ ਸੁੱਟੇ ਸਨ, ਜਿਨ੍ਹਾਂ ਵਿੱਚੋਂ 79 ਬਿਨਾਂ ਲੇਬਲ ਵਾਲੀਆਂ ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ। ਬਾਕਸ-- ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਮੌਕੇ ਤੇ ਦਬੋਚਿਆ ਹਰਿਆਣਾ ਥਾਣੇ ਦੀ ਪੁਲਿਸ ਨੇ ਗੁਰਜਿੰਦਰ ਸਿੰਘ ਉਰਫ ਮਿੰਟੂ ਪੁੱਤਰ ਤਰਲੋਚਨ ਸਿੰਘ ਵਾਸੀ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇੱਤਲਾਹ ਮਿਲਣ ’ਤੇ ਟੀਮ ਪਸ਼ੂ ਹਸਪਤਾਲ ਕੰਗਮਾਈਂ ਦੇ ਨੇੜੇ ਪੁਰਾਣੇ ਖੰਡਰ ਕਮਰਿਆਂ ਵਿੱਚ ਪੁੱਜੀ ਜਿੱਥੇ ਦੋਸ਼ੀ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰਦਾ ਮਿਲਿਆ। ਪੁਲਿਸ ਮੁਤਾਬਕ ਉਸ ਕੋਲੋਂ ਇੱਕ ਲਾਈਟਰ, ਕਾਲਾ ਹੋਇਆ ਸਿਲਵਰ ਪੇਪਰ ਅਤੇ ਦਸ ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਹੋਇਆ। ਹਾਜੀਪੁਰ ਥਾਣੇ ਦੀ ਪੁਲਿਸ ਨੇ ਵੀ ਅਖਿਲ ਕੁਮਾਰ ਉਰਫ ਅੱਖੂ ਪੁੱਤਰ ਸੁਦਰਸ਼ਨ ਸਿੰਘ ਵਾਸੀ ਦਲਵਾਲੀ ਕਲਾ, ਤਲਵਾੜਾ, ਹਾਲ ਵਾਸੀ ਚੀਮਾ, ਮੁਕੇਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਪਾਵਰ ਕਲੋਨੀ ਸੰਧਵਾਲ ਦੇ ਨੇੜੇ ਝਾੜੀਆਂ ਵਿੱਚ ਬੈਠੇ ਅਖਿਲ ਕੁਮਾਰ ਨੂੰ ਕਾਬੂ ਕੀਤਾ ਗਿਆ ਜੋ ਕਥਿਤ ਤੌਰ ’ਤੇ ਸਿਲਵਰ ਪੱਤੀ ਉੱਤੇ ਨਸ਼ੀਲਾ ਪਦਾਰਥ ਰੱਖ ਕੇ ਲਾਈਟਰ ਨਾਲ ਅੱਗ ਬਾਲ ਕੇ ਧੂੰਏ ਰਾਹੀਂ ਸੇਵਨ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।