ਔਰਤਾਂ ਹਰ ਖੇਤਰ ’ਚ ਨਵੀਆਂ ਉੱਚਾਈਆਂ ਹਾਸਲ ਕਰ ਰਹੀਆਂ
ਬੀਬੀਐਮਬੀ ਦੀ ਮਹਿਲਾ ਸ਼ਕਤੀ: ਸਮਾਜ ਸੇਵਾ ਵਿੱਚ ਸੀਮਾ ਗੁਪਤਾ ਅਤੇ ਤਕਨੀਕੀ ਮੋਰਚੇ ‘ਤੇ ਮਨਵੀਨ ਚੌਧਰੀ
Publish Date: Sat, 07 Mar 2026 05:59 PM (IST)
Updated Date: Sun, 08 Mar 2026 04:10 AM (IST)

ਬੀਬੀਐੱਮਬੀ ਦੀ ਮਹਿਲਾ ਸ਼ਕਤੀ: ਸਮਾਜ-ਸੇਵਾ ’ਚ ਸੀਮਾ ਗੁਪਤਾ ਤੇ ਤਕਨੀਕੀ ਮੋਰਚੇ ’ਤੇ ਮਨਵੀਨ ਚੌਧਰੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਔਰਤਾਂ ਹਰ ਖੇਤਰ ’ਚ ਆਪਣੀ ਕਾਬਲੀਅਤ ਤੇ ਦ੍ਰਿੜ਼ ਇਰਾਦੇ ਨਾਲ ਨਵੀਆਂ ਉੱਚਾਈਆਂ ਹਾਸਲ ਕਰ ਰਹੀਆਂ ਹਨ। ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ’ਚ ਵੀ ਮਹਿਲਾ ਸ਼ਕਤੀ ਦੀ ਮਿਸਾਲ ਵਜੋਂ ਕਈ ਔਰਤਾਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ। ਬੀਬੀਐੱਮਬੀ ਰੈੱਡ ਕ੍ਰਾਸ ਤਲਵਾੜਾ ਦੀ ਚੇਅਰਪਰਸਨ ਸੀਮਾ ਗੁਪਤਾ ਸਮਾਜਿਕ ਸੇਵਾ ਦੇ ਖੇਤਰ ’ਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਦੀ ਅਗਵਾਈ ਹੇਠ ਰੈਡ ਕ੍ਰਾਸ ਯੂਨਿਟ ਵੱਲੋਂ ਸਮਾਜ ਭਲਾਈ ਨਾਲ ਜੁੜੇ ਅਨੇਕ ਕਾਰਜ ਕੀਤੇ ਜਾ ਰਹੇ ਹਨ, ਖਾਸ ਕਰ ਕੇ ਹਾਸ਼ੀਏ ’ਤੇ ਰਹਿ ਗਈਆਂ ਔਰਤਾਂ ਦੀ ਭਲਾਈ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤਲਵਾੜਾ ’ਚ ਜਲਦ ਹੀ ਸਾਲਾਨਾ ਰੈੱਡ ਕ੍ਰਾਸ ਮੇਲੇ ਦਾ ਆਯੋਜਨ ਵੀ ਉਨ੍ਹਾਂ ਦੀ ਦੇਖਰੇਖ ’ਚ ਹੋਣ ਜਾ ਰਿਹਾ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਆਪਣੇ ਸੰਦੇਸ਼ ’ਚ ਸੀਮਾ ਗੁਪਤਾ ਨੇ ਕਿਹਾ ਕਿ ਔਰਤਾਂ ਸਮਾਜ ਦੀ ਅਸਲ ਤਾਕਤ ਹਨ। ਇੱਕ ਸਸ਼ਕਤ ਔਰਤਾਂ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸੰਭਾਲਦੀ ਹੈ, ਸਗੋਂ ਸਮਾਜ ਦੀ ਤਰੱਕੀ ’ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਸਿੱਖਿਆ, ਸਿਹਤ, ਸਮਾਜ ਸੇਵਾ ਅਤੇ ਪ੍ਰਬੰਧਕੀ ਖੇਤਰਾਂ ’ਚ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਸਭ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਮਿਲ ਕੇ ਮਹਿਲਾਵਾਂ ਦੀ ਸਿੱਖਿਆ, ਸਿਹਤ ਤੇ ਸਵਾਲੰਭਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਬੀਬੀਐੱਮਬੀ ਦੇ ਪ੍ਰਬੰਧ ਹੇਠ ਪੋਂਗ ਡੈਮ ਡਵੀਜ਼ਨ ਦੀ ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਆਪਣੀ ਤਕਨੀਕੀ ਮੁਹਾਰਤ ਨਾਲ ਦੇਸ਼ ਦੇ ਇੱਕ ਪ੍ਰਮੁੱਖ ਡੈਮ ਦੀ ਦੇਖਰੇਖ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾ ਰਹੀ ਹੈ। ਉਨ੍ਹਾਂ ਦੀ ਅਗਵਾਈ ਹੇਠ ਟੀਮ ਪਾਣੀ ਦੇ ਸੰਭਾਲ, ਡੈਮ ਦੀ ਸੁਰੱਖਿਆ, ਬਿਜਲੀ ਉਤਪਾਦਨ ਅਤੇ ਤਕਨੀਕੀ ਪ੍ਰਬੰਧਨ ਨਾਲ ਜੁੜੇ ਕੰਮ ਸੁਚਾਰੂ ਢੰਗ ਨਾਲ ਕਰ ਰਹੀ ਹੈ। ਮਨਵੀਨ ਚੌਧਰੀ ਨੇ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ’ਚ ਆਪਣੀ ਯੋਗਤਾ ਤੇ ਮਿਹਨਤ ਨਾਲ ਨਵੀਆਂ ਉਚਾਈਆਂ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਮਹਿਲਾ ਇੰਜਨੀਅਰ ਵਜੋਂ ਪੋਂਗ ਡੈਮ ਵਰਗੇ ਮਹੱਤਵਪੂਰਨ ਢਾਂਚੇ ਦੇ ਪ੍ਰਬੰਧ ਨਾਲ ਜੁੜਨਾ ਉਨ੍ਹਾਂ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਔਰਤਾਂ ਨੂੰ ਮੌਕੇ ਮਿਲਦੇ ਹਨ ਤਾਂ ਉਹ ਆਪਣੀ ਕਾਬਲੀਅਤ ਨਾਲ ਨਾ ਸਿਰਫ਼ ਕਾਮਯਾਬੀ ਹਾਸਲ ਕਰਦੀਆਂ ਹਨ, ਸਗੋਂ ਹੋਰਾਂ ਲਈ ਪ੍ਰੇਰਣਾ ਵੀ ਬਣਦੀਆਂ ਹਨ। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਬੀਬੀਐੱਮਬੀ ’ਚ ਸੇਵਾ ਨਿਭਾ ਰਹੀਆਂ ਔਰਤਾਂ ਦੀਆਂ ਇਹ ਪ੍ਰਾਪਤੀਆਂ ਮਹਿਲਾ ਸ਼ਕਤੀ ਦੀ ਮਜ਼ਬੂਤ ਮਿਸਾਲ ਵਜੋਂ ਸਾਹਮਣੇ ਆ ਰਹੀਆਂ ਹਨ।