ਪਤਨੀ ਦਾ ਸਾਥ ਦੇਣ ਲਈ ਛੱਡੀ ਵਿਦੇਸ਼ ਦੀ ਨੌਕਰੀ, ਸ਼ੁਰੂ ਕੀਤਾ ਫੂਡ ਕਾਰਟ
ਲੋਕਾਂ ਲਈ ਇੱਕ ਬਣੀ ਮਿਸਾਲ: ਪਤੀ ਨੇ ਪਤਨੀ ਦਾ ਸਾਥ ਦੇਣ ਲਈ ਵਿਦੇਸ਼ ਦੀ ਨੌਕਰੀ ਛੱਡ ਕੇ ਸ਼ੁਰੂ ਕੀਤਾ ਫੂਡ ਕਾਰਟ
Publish Date: Sat, 07 Mar 2026 05:49 PM (IST)
Updated Date: Sun, 08 Mar 2026 04:09 AM (IST)

ਬਣੇ ਹੋਰਾਂ ਲਈ ਪ੍ਰੇਰਣਾ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪੜ੍ਹੇ-ਲਿਖੇ ਲੋਕ ਆਪਣੇ ਗਿਆਨ, ਹੁਨਰ ਤੇ ਨਵੇਂ ਵਿਚਾਰਾਂ ਦਾ ਇਸਤੇਮਾਲ ਕਰ ਕੇ ਨਵੇਂ ਕੰਮ ਸ਼ੁਰੂ ਕਰਦੇ ਹਨ ਤੇ ਸਮਾਜ ਲਈ ਪ੍ਰੇਰਣਾ ਬਣਦੇ ਹਨ। ਉਹ ਸਮੱਸਿਆਵਾਂ ਦੇ ਵਿਵਹਾਰਕ ਹੱਲ ਲੱਭਦੇ ਹਨ, ਜ਼ੋਖ਼ਮ ਲੈਣ ਦੀ ਸਮਰੱਥਾ ਰੱਖਦੇ ਹਨ ਤੇ ਮਿਹਨਤ ਤੇ ਦ੍ਰਿੜਤਾ ਨਾਲ ਅੱਗੇ ਵੱਧਦੇ ਹਨ। ਇਸ ਤਰ੍ਹਾਂ ਦੇ ਯਤਨਾਂ ਨਾਲ ਸਮਾਜ ’ਚ ਇੱਕ ਸਾਕਾਰਾਤਮਕ ਸੋਚ ਪੈਦਾ ਹੁੰਦੀ ਹੈ। ਹਾਜੀਪੁਰ ਦੇ ਨਜ਼ਦੀਕੀ ਪਿੰਡ ਸਰਿਆਣਾ ਦੇ ਰਹਿਣ ਵਾਲੇ ਸਤੀਸ਼ ਕੁਮਾਰ ਤੇ ਉਨ੍ਹਾਂ ਦੀ ਪਤਨੀ ਅਨੀਤਾ ਕੁਮਾਰੀ ਨੇ ਵੀ ਆਪਣੀਆਂ ਨੌਕਰੀਆਂ ਛੱਡ ਕੇ ਫੂਡ ਕਾਰਟ ਸ਼ੁਰੂ ਕਰ ਕੇ ਲੋਕਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਸਤੀਸ਼ ਕੁਮਾਰ ਪਿਛਲੇ 6 ਸਾਲਾਂ ਤੋਂ ਆਪਣੀ ਰੋਜ਼ੀ-ਰੋਟੀ ਲਈ ਦੁਬਈ ’ਚ ਕੰਮ ਕਰ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਅਨੀਤਾ ਕੁਮਾਰੀ, ਜੋ ਕਿ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਅੰਗਰੇਜ਼ੀ ’ਚ ਐੱਮਏ ਪਾਸ ਹਨ, ਹਾਜੀਪੁਰ ਦੇ ਇੱਕ ਪ੍ਰਾਈਵੇਟ ਸਕੂਲ ’ਚ ਨੌਕਰੀ ਕਰ ਰਹੀ ਸੀ ਪਰ ਘੱਟ ਤਨਖ਼ਾਹ ਤੇ ਸੀਮਿਤ ਆਮਦਨ ਕਾਰਨ ਅਨੀਤਾ ਕੁਮਾਰੀ ਨੇ ਆਪਣੀ ਨੌਕਰੀ ਛੱਡ ਕੇ ਕੋਈ ਨਵਾਂ ਕੰਮ ਸ਼ੁਰੂ ਕਰਨ ਦੀ ਗੱਲ ਆਪਣੇ ਪਤੀ ਨਾਲ ਸਾਂਝੀ ਕੀਤੀ। ਇਸ ਦੌਰਾਨ ਸਤੀਸ਼ ਕੁਮਾਰ ਵੀ ਵਿਦੇਸ਼ ’ਚ ਅਕਸਰ ਬੀਮਾਰ ਰਹਿਣ ਲੱਗ ਪਏ ਸਨ। ਇਸ ਕਰ ਕੇ ਉਨ੍ਹਾਂ ਨੇ ਵੀ ਵਿਦੇਸ਼ ਦੀ ਨੌਕਰੀ ਛੱਡ ਕੇ ਆਪਣੇ ਦੇਸ਼ ਵਾਪਸ ਆ ਕੇ ਪਤਨੀ ਦੇ ਨਾਲ ਮਿਲ ਕੇ ਨਵਾਂ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਕਾਫੀ ਸਮੇਂ ਤੱਕ ਵਿਚਾਰ-ਚਰਚਾ ਕਰਨ ਤੋਂ ਬਾਅਦ ਦੋਵਾਂ ਨੇ ਫੂਡ ਕਾਰਟ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ। ਸ਼ੁਰੂਆਤ ’ਚ ਉਨ੍ਹਾਂ ਨੇ ਝੀਰ ਦਾ ਖੂਹ ਦੇ ਨੇੜੇ ਤਲਵਾਡਾ ਰੋਡ ’ਤੇ ਲੱਕੜ ਦੀਆਂ 2 ਛੋਟੀਆਂ ਬੈਂਚਾਂ ਲਾ ਕੇ ਤਾਜ਼ਾ ਰੋਟੀ, ਦਾਲ ਤੇ ਚਾਵਲ ਬਣਾਉਣੇ ਸ਼ੁਰੂ ਕੀਤੇ। ਹੌਲੀ-ਹੌਲੀ ਲੋਕਾਂ ਨੂੰ ਦੰਪਤੀ ਵੱਲੋਂ ਬਣਾਇਆ ਗਿਆ ਤਾਜ਼ਾ ਤੇ ਸ਼ੁੱਧ ਖਾਣਾ ਬਹੁਤ ਪਸੰਦ ਆਉਣ ਲੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੂਡ ਕਾਰਟ ਸਥਾਪਿਤ ਕਰ ਲਿਆ। ਅਨੀਤਾ ਕੁਮਾਰੀ ਅਤੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ 10 ਸਾਲ ਦਾ ਪੁੱਤਰ ਵੀ ਹੈ। ਉਹ ਹਰ ਰੋਜ਼ ਸਵੇਰੇ ਕਰੀਬ 5 ਵਜੇ ਉੱਠ ਕੇ ਘਰ ਦਾ ਸਾਰਾ ਕੰਮ ਨਿਭਾਉਂਦੇ ਹਨ ਤੇ ਫਿਰ ਆਪਣੇ ਫੂਡ ਕਾਰਟ ’ਤੇ ਆ ਕੇ ਕੰਮ ਸ਼ੁਰੂ ਕਰਦੇ ਹਨ। ਉਨ੍ਹਾਂ ਦੇ ਫੂਡ ਕਾਰਟ ’ਤੇ ਦਾਲ-ਚਾਵਲ, ਦਾਲ ਮੱਖਣੀ, ਮਿਕਸ ਸਬਜ਼ੀ, ਤਵਾ ਰੋਟੀ, ਚਾਹ, ਕੌਫੀ ਤੇ ਮੈਗੀ ਵਰਗੇ ਵਿਅੰਜਨ ਉਪਲੱਬਧ ਹਨ। ਅਨੀਤਾ ਕੁਮਾਰੀ ਨੇ ਕਿਹਾ ਕਿ ਅੰਗਰੇਜ਼ੀ ’ਚ ਮਾਸਟਰ ਡਿਗਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਸ਼ੁਰੂ ਕੀਤੇ ਫੂਡ ਕਾਰਟ ਦੇ ਕੰਮ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰ੍ਹਾਂ ਹੋਰ ਘਰੇਲੂ ਔਰਤਾਂ ਨੂੰ ਵੀ ਹਿੰਮਤ ਤੇ ਜ਼ੋਖ਼ਮ ਲੈ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਲੋਕ ਮੁਸ਼ਕਲ ਹਾਲਾਤਾਂ ’ਚ ਵੀ ਸਾਕਾਰਾਤਮਕ ਸੋਚ ਨਾਲ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਰੱਖਦੇ ਹਨ, ਉਹ ਹੋਰਾਂ ਨੂੰ ਵੀ ਆਸ਼ਾਵਾਦੀ ਬਣੇ ਰਹਿਣ ਤੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ।