14 ਅਪ੍ਰੈਲ ਤੋਂ ਹੋਵੇਗਾ ‘ਸ਼੍ਰੀਮਦ ਭਾਗਵਤ ਕਥਾਮ੍ਰਿਤ' ਦਾ ਆਯੋਜਨ
ਹੁਸ਼ਿਆਰਪੁਰ ਦੀ ਪਾਵਨ ਧਰਤੀ 'ਤੇ 14 ਅਪ੍ਰੈਲ ਤੋਂ ਹੋਵੇਗਾ 'ਸ਼੍ਰੀਮਦ ਭਾਗਵਤ ਕਥਾਮ੍ਰਿਤ' ਦਾ ਸ਼ਾਨਦਾਰ ਆਯੋਜਨ
Publish Date: Sat, 07 Mar 2026 05:10 PM (IST)
Updated Date: Sun, 08 Mar 2026 04:06 AM (IST)

ਦੀਪਕ ਬਾਲੀ, ਸਲਾਹਕਾਰ (ਸੰਸਕ੍ਰਿਤਿਕ ਮਾਮਲੇ) ਨੂੰ ਸਮਾਗਮ ਲਈ ਦਿੱਤਾ ਗਿਆ ਵਿਧੀਵਤ ਸੱਦਾ ਵਿਸ਼ਵ ਪ੍ਰਸਿੱਧ ਸਾਧਵੀ ਵੈਸ਼ਨਵੀ ਭਾਰਤੀ ਕਰਨਗੇ ਕਥਾ ਦਾ ਵਾਚਨ; 10 ਅਪ੍ਰੈਲ ਨੂੰ ਨਿਕਲੇਗੀ ਵਿਸ਼ਾਲ ਕਲਸ਼ ਯਾਤਰਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਅਤੇ ਹੁਸ਼ਿਆਰਪੁਰ ਦੇ ਨਿਵਾਸੀਆਂ ਵੱਲੋਂ ਸ਼ਹਿਰ ਦੀ ਪਾਵਨ ਧਰਤੀ ਤੇ ਸੱਤ ਦਿਨਾਂ ਦੇ ਵਿਸ਼ਾਲ ਸ਼੍ਰੀਮਦ ਭਾਗਵਤ ਕਥਾਮ੍ਰਿਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਇਸ ਸਬੰਧੀ ਅੱਜ ਸੰਸਥਾ ਦੇ ਪ੍ਰਤੀਨਿਧੀਆਂ ਵੱਲੋਂ ਪੰਜਾਬ ਸਰਕਾਰ ਦੇ ਸੰਸਕ੍ਰਿਤਿਕ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੂੰ ਵਿਧੀਵਤ ਤੌਰ ’ਤੇ ਸੱਦਾ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਤਿਨਿਧੀਆਂ ਨੇ ਦੱਸਿਆ ਕਿ ਇਹ ਕਥਾ 14 ਤੋਂ 20 ਅਪ੍ਰੈਲ 2026 ਤੱਕ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿੱਚ ਕਰਵਾਈ ਜਾਵੇਗੀ। ਕਥਾ ਦਾ ਸਮਾਂ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਸੱਦਾ ਸਵੀਕਾਰ ਕਰਦਿਆਂ ਦੀਪਕ ਬਾਲੀ ਨੇ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਆਧਿਆਤਮਿਕ ਸਮਾਗਮ ਸਮਾਜ ਵਿੱਚ ਸਾਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਹਨ ਅਤੇ ਸਾਡੀ ਸੰਸਕ੍ਰਿਤਿਕ ਤੇ ਧਾਰਮਿਕ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਕਥਾ ਰਾਹੀਂ ਸਰੋਤਿਆਂ ਨੂੰ ਜੀਵਨ ਦੇ ਗੂੜ੍ਹੇ ਅਰਥ ਤੇ ਭਗਤੀ ਮਾਰਗ ਦੀ ਸਮਝ ਪ੍ਰਾਪਤ ਹੋਵੇਗੀ। ਸੱਤ ਦਿਨਾਂ ਤੱਕ ਚੱਲਣ ਵਾਲੀ ਇਸ ਕਥਾ ਦਾ ਵਾਚਨ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਵੈਸ਼ਣਵੀ ਭਾਰਤੀ ਆਪਣੀ ਸੰਤ ਮੰਡਲੀ ਸਮੇਤ ਕਰਨਗੀਆਂ, ਜੋ ਭਗਵਾਨ ਕ੍ਰਿਸ਼ਨ ਦੀਆਂ ਪਾਵਨ ਲੀਲਾਵਾਂ ਰਾਹੀਂ ਮਨੁੱਖਤਾ ਅਤੇ ਭਗਤੀ ਦਾ ਸੰਦੇਸ਼ ਦੇਣਗੀਆਂ। ਕਥਾ ਦੇ ਆਰੰਭ ਤੋਂ ਪਹਿਲਾਂ 10 ਅਪ੍ਰੈਲ 2026 ਨੂੰ ਦੁਪਹਿਰ 3 ਵਜੇ ਵਿਸ਼ਾਲ ਕਲਸ਼ ਯਾਤਰਾ ਵੀ ਕੱਢੀ ਜਾਵੇਗੀ, ਜੋ ਰੋਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਸਥਾਨਾਂ ਤੋਂ ਹੁੰਦੀ ਹੋਈ ਕਥਾ ਸਥਲ ਤੱਕ ਪਹੁੰਚੇਗੀ। ਸੰਸਥਾ ਵੱਲੋਂ ਸਭੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਅਮ੍ਰਿਤਮਈ ਕਥਾ ਦਾ ਲਾਭ ਲੈਣ। ਸਮਾਗਮ ਦੌਰਾਨ ਸ਼ਰਧਾਲੂਆਂ ਲਈ ਬੈਠਣ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।