ਦਸਮੇਸ਼ ਕਾਲਜ ਵਿਖੇ ਕੌਮੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ
ਦਸਮੇਸ਼ ਕਾਲਜ ਵਿਖੇ ਕੌਮੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Sat, 07 Mar 2026 04:52 PM (IST)
Updated Date: Sun, 08 Mar 2026 04:06 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਕੌਮੀ ਵਿਗਿਆਨ ਦਿਵਸ ਮੌਕੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਸਾਇਣ ਵਿਗਿਆਨ ਵਿਭਾਗ ਤੋਂ ਐਸੋਸੀਏਟ ਡਾ. ਰੋਹਿਤ ਕੁਮਾਰ ਸ਼ਰਮਾ ਆਪਣੇ ਰਿਸਰਚ ਗਰੁੱਪ ਸਮੇਤ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਵਿਗਿਆਨ ਮਾਡਲਾਂ ਦੀ ਪ੍ਰਦਰਸ਼ਨੀ ਨਾਲ ਹੋਈ। ਇਨ੍ਹਾਂ ਮਾਡਲਾਂ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਬੌਟਨੀ, ਜੁਆਲੌਜੀ ਅਤੇ ਵਾਤਾਵਰਣ ਵਿਗਿਆਨ ਨਾਲ ਸੰਬੰਧਿਤ ਵਿਸ਼ੇ ਸ਼ਾਮਲ ਸਨ। ਵਿਦਿਆਰਥਣਾਂ ਨੇ ਮਾਡਲਾਂ, ਚਾਰਟਾਂ ਅਤੇ ਪ੍ਰਯੋਗਾਂ ਰਾਹੀਂ ਦਰਸਾਇਆ ਕਿ ਵਿਗਿਆਨ ਨੇ ਸਾਡੇ ਰੋਜ਼ਾਨਾ ਜੀਵਨ ਨੂੰ ਕਿਵੇਂ ਸੁਖਾਲਾ ਬਣਾਇਆ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਵਾਤਾਵਰਣੀ ਸਮੱਸਿਆਵਾਂ ਦਾ ਹੱਲ ਕੁਦਰਤੀ ਊਰਜਾ ਸਰੋਤਾਂ ਦੇ ਸਹੀ ਉਪਯੋਗ ਨਾਲ ਕੀਤਾ ਜਾ ਸਕਦਾ ਹੈ। ਡਾ. ਰੋਹਿਤ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥਣਾਂ ਨਾਲ ਵਿਚਾਰ-ਚਰਚਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਖੋਜ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ “ਵਿਗਿਆਨਕ ਕਰੀਅਰ: ਫੈਲੋਸ਼ਿਪ ਅਤੇ ਆਧੁਨਿਕ ਖੋਜ਼ ਦੇ ਮੌਕੇ” ਵਿਸ਼ੇ ‘ਤੇ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ। ਵਿਚਾਰ ਚਰਚਾ ਰਾਹੀਂ ਵੱਖ-ਵੱਖ ਸਕਾਲਰਸ਼ਿਪ ਅਤੇ ਫੈਲੋਸ਼ਿਪ ਯੋਜਨਾਵਾਂ ਬਾਰੇ ਸਰਲ ਅਤੇ ਲਾਭਕਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਨਾਲ ਵਿਦਿਆਰਥਣਾਂ ਨੂੰ ਰਿਸਰਚ ਪ੍ਰੋਗਰਾਮਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਣਾ ਮਿਲੀ। ਅੰਤ ਵਿੱਚ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈੱਸਰ ਡਾ. ਨਿਧੀ ਸ਼ਰਮਾ ਵੱਲੋਂ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਈ ਗਈ। ਪ੍ਰੋਗਰਾਮ ਦੌਰਾਨ ਡਾ. ਨਰਪਿੰਦਰ ਕੌਰ, ਡਾ. ਏਕਤਾ ਤੇ ਵਿਗਿਆਨ ਵਿਭਾਗ ਦੀ ਸਮੂਹ ਟੀਮ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।