ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ 6ਵੀਂ ਸੂਬਾਈ ਕਾਨਫਰੰਸ ਆਰੰਭ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ 6ਵੀਂ ਸੂਬਾਈ ਕਾਨਫਰੰਸ ਆਰੰਭ
Publish Date: Sat, 07 Mar 2026 04:38 PM (IST)
Updated Date: Sun, 08 Mar 2026 04:03 AM (IST)

ਦੇਸ਼ ਤੇ ਕੌਮਾਂਤਰੀ ਪੱਧਰ ’ਤੇ ਨੌਜਵਾਨਾਂ ਨੂੰ ਦਰਪੇਸ਼ ਸਮਸਿਆਵਾਂ ’ਤੇ ਹੋਣਗੀਆਂ ਵਿਚਾਰਾਂ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਸਥਾਨਕ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੀ 6ਵੀਂ ਸੂਬਾਈ ਕਾਨਫਰੰਸ ਇਨਕਲਾਬੀ ਰਵਾਇਤਾਂ ਨਾਲ ਆਰੰਭ ਹੋਈ। ਆਪਣੇ ਉਦਘਾਟਨੀ ਭਾਸ਼ਣ ’ਚ ਬੋਲਦਿਆਂ ਸਭਾ ਦੇ ਸੰਸਥਾਪਕ ਜਨਰਲ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਧਾਰਮਿਕ ਕੱਟੜਤਾ ਨੂੰ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਅਮਰੀਕਨ ਸਮਾਰਾਜ ਵੱਲੋਂ ਤੇਲ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੁਨੀਆ ਭਰ ‘ਚ ਜੰਗ ਥੋਪੀ ਜਾ ਰਹੀ ਹੈ। ਇਰਾਨ ਇਸ ਦੀ ਤਾਜ਼ਾ ਮਿਸਾਲ ਹੈ। ਇਸ ਤੋਂ ਪਹਿਲਾਂ ਅਮਰੀਕਾ ਵੈਂਜੁਏਲਾ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਆਪਣੇ ਦੇਸ਼ ਲੈ ਗਿਆ। ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲ ਨੇ ਗਾਜ਼ਾ ਵਿੱਚ ਮਨੁੱਖਤਾ ਦਾ ਘਾਣ ਕੀਤਾ। ਅਮਰੀਕਾ ਵੱਲੋਂ ਗਰੀਨਲੈਂਡ ’ਤੇ ਵੀ ਕਬਜ਼ਾ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਅਮਰੀਕਾ ਇੱਕ ਪਾਸੇ ਆਪਣੇ ਵਿਰੋਧੀ ਦੇਸ਼ਾਂ ’ਤੇ ਹਮਲੇ ਕਰਕੇ ਉਨ੍ਹਾਂ ਨੂੰ ਤਬਾਹ ਕਰ ਰਿਹਾ ਹੈ। ਦੂਜੇ ਪਾਸੇ ਭਾਰਤ ’ਤੇ ਵਾਧੂ ਟੈਰਿਫ਼ ਲਗਾ ਕੇ ਧੱਕੇ ਨਾਲ ਅਮਰੀਕਾ ਲਈ ਆਪਣਾ ਬਜ਼ਾਰ ਖੌਲ੍ਹਣ ਲਈ ਮਜ਼ਬੂਰ ਕਰ ਰਿਹਾ ਹੈ। ਪਰ ਸਾਡੇ ਦੇਸ਼ ਦੇ ਹੁਕਮਰਾਨ ਚੁੱਪ ਵੱਟੀ ਬੈਠੇ ਹਨ। ਭਾਰਤ ਆਪਣੀ ਜਰੂਰਤ ਲਈ ਤੇਲ ਰੂਸ ਤੋਂ ਲਵੇ ਕਿ ਨਾ ਲਵੇ, ਇਸ ਦਾ ਫੈਸਲਾ ਅਮਰੀਕਾ ਕਰ ਰਿਹਾ ਹੈ। ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੇ ਰਾਜ ’ਚ ਘੱਟ ਗਿਣਤੀਆਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਦਲਿਤਾਂ ਅਤੇ ਔਰਤਾਂ ’ਤੇ ਅਤਿੱਆਚਾਰ ’ਚ ਵੀ ਵਾਧਾ ਹੋਇਆ ਹੈ। ਸਾਥੀ ਜਾਮਾਰਾਏ ਨੇ ਨੌਜਵਾਨਾਂ ਨੂੰ ਸਾਮਰਾਜ ਖ਼ਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ, ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸਵਾਗਤੀ ਕਮੇਟੀ ਵੱਲੋਂ ਸਾਥੀ ਸ਼ਿਵ ਕੁਮਾਰ ਅਮਰੋਹੀ ਨੇ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਨੂੰ ਜੀ ਆਇਆਂ ਆਖਦਿਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾ ਵਾਲੀ ਜਥੇਬੰਦੀ ਬਣਾਉਣ ਦਾ ਸੱਦਾ ਦਿੱਤਾ। ਉਪਰੰਤ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਵੱਲੋਂ ਆਜ਼ਾਦੀ ਘੁਲਾਟੀਏ, ਕੰਢੀ ਦੇ ਜੰਮਪਲ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਯੁੱਧ ਸਾਥੀ ਪੰਡਤ ਕਿਸ਼ੋਰੀ ਲਾਲ ਦੇ ਨਾਂ ’ਤੇ ਵਸਾਏ ਨਗਰ ’ਚ ਝੰਡਾ ਲਹਿਰਾਇਆ ਗਿਆ। ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਹਾਲ ’ਚ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੜ੍ਹੀ। ਕਾਨਫਰੰਸ ਦੀ ਪ੍ਰਧਾਨਗੀ ਸਾਥੀ ਮਨਜਿੰਦਰ ਸਿੰਘ ਢੇਸੀ, ਜਤਿੰਦਰ ਫਰੀਦਕੋੋਟ, ਸੁਲੱਖਣ ਸਿੰਘ ਤੁਡ਼, ਜੱਗਾ ਸਿੰਘ ਅਜਨਾਲਾ, ਰਵਿੰਦਰ ਲੋਹਗੜ੍ਹ ਨੇ ਕੀਤੀ। ਸੰਚਾਲਨ ਕਮੇਟੀ ’ਚ ਧਰਮਿੰਦਰ ਸਿੰਘ, ਅਜੇ ਫਿਲੌਰ, ਗਗਨਦੀਪ, ਲਾਜਲ ਲਾਖਣਾ, ਮਨਪ੍ਰੀਤ ਜੋਸ ਮੁਹਾਰ ਆਦਿ ਸ਼ਾਮਲ ਸਨ।