ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ; ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਈ ਕਾਬੂ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ; ਅਫੀਮ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਈ ਕਾਬੂ
Publish Date: Fri, 06 Mar 2026 07:30 PM (IST)
Updated Date: Sat, 07 Mar 2026 04:12 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿੱਚ ਅਫੀਮ, ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸੀਆਈ ਸਟਾਫ ਦੇ ਏਐੱਸਆਈ ਸੁਸ਼ੀਲ ਕੁਮਾਰ ਆਪਣੀ ਟੀਮ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਹਰਜੀਆਣਾ ਮੋੜ ਨੇੜੇ ਜੇਜੋ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ, ਦੋਵੇਂ ਵਾਸੀ ਪਿੰਡ ਚੱਕ ਨਾਥਾ, ਵਜੋਂ ਹੋਈ। ਤਲਾਸ਼ੀ ਦੌਰਾਨ ਗੁਰਜੀਤ ਸਿੰਘ ਦੇ ਪੈਰਾਂ ਕੋਲ ਪਏ ਕਿੱਟ ਬੈਗ ਵਿਚੋਂ 1 ਕਿਲੋ 400 ਗ੍ਰਾਮ ਅਫੀਮ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਚੱਬੇਵਾਲ ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਮਨੀਸ਼ ਜੈਨ ਉਰਫ ਮਨੀ ਵਾਸੀ ਪਿੰਡ ਜੇਜੋ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਰੋਕੇ ਗਏ ਮਨੀਸ਼ ਜੈਨ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 20 ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਇਆਂ। ਪੁਲਿਸ ਵਲੋਂ ਉਸਦੇ ਸਾਥੀ ਅਜੈ ਕੁਮਾਰ ਉਰਫ ਲਵਲੀ ਵਾਸੀ ਪਿੰਡ ਜੇਜੋ ਦੀ ਭਾਲ ਕੀਤੀ ਜਾ ਰਹੀ ਹੈ। ਬਾਕਸ-- ਸਦਰ ਤੇ ਮਾਹਿਲਪੁਰ ਵਿੱਚ ਨਸ਼ੀਲੀਆਂ ਗੋਲੀਆਂ ਤੇ ਪਾਊਡਰ ਬਰਾਮਦ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਸਿੰਘਪੁਰ ਸਾਈਡ ਤੋਂ ਇਕ ਨੌਜਵਾਨ ਨੀਰਜ ਕੁਮਾਰ ਵਾਸੀ ਨੰਗਲ ਸ਼ਹੀਦਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ, ਦੋਸ਼ੀ ਨੇ ਪੁਲਿਸ ਨੂੰ ਦੇਖ ਕੇ ਇੱਕ ਕਾਲਾ ਲਿਫਾਫਾ ਸੁੱਟ ਦਿੱਤਾ ਸੀ, ਜਿਸ ਵਿੱਚੋਂ 48 ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ। ਉਧਰ, ਮਾਹਿਲਪੁਰ ਪੁਲਿਸ ਨੇ ਪਿੰਡ ਖੇੜਾ ਮੋੜ ਤੋਂ ਰਵਿੰਦਰ ਸਿੰਘ ਉਰਫ ਇੰਦੀ ਵਾਸੀ ਨੰਗਲ ਕਲਾਂ ਨੂੰ 22 ਗ੍ਰਾਮ ਨਸ਼ੀਲਾ ਪਦਾਰਥ (ਪਾਊਡਰ) ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਬਾਕਸ-- ਮੁਕੇਰੀਆਂ ਅਤੇ ਗੜ੍ਹਦੀਵਾਲਾ ਵਿੱਚ ਕਾਰਵਾਈ ਮੁਕੇਰੀਆਂ ਪੁਲਿਸ ਨੇ ਪਿੰਡ ਪੁਆਰਾ ਨੇੜੇ ਇੱਕ ਉਸਾਰੀ ਅਧੀਨ ਇਮਾਰਤ ਵਿੱਚ ਕਥਿਤ ਤੌਰ ਤੇ ਨਸ਼ਾ ਕਰ ਰਹੇ ਦੋ ਨੌਜਵਾਨਾਂ, ਗੁਰਦਿੱਤਾ ਵਾਸੀ ਉੱਚੀ ਬੱਸੀ ਅਤੇ ਵਿੱਕੀ ਵਾਸੀ ਮੁਕੇਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਸਿਲਵਰ ਫੁਆਇਲ ਦੀ ਮਦਦ ਨਾਲ ਨਸ਼ਾ ਕਰ ਰਹੇ ਸਨ। ਗੜ੍ਹਦੀਵਾਲਾ ਪੁਲਿਸ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਪੰਕਜ ਕੁਮਾਰ ਵਾਸੀ ਗੜ੍ਹਦੀਵਾਲਾ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਕਰਵਾਇਆ ਗਿਆ ਉਸਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ ਸਾਰੇ ਵਿਅਕਤੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਗਏ ਹਨ ਅਤੇ ਮਾਮਲੇਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।