ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਇੱਕ ਕਾਬੂ, ਦੂਜਾ ਫਰਾਰ
ਮਾਹਿਲਪੁਰ ਪੁਲਿਸ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਇੱਕ ਕਾਬੂ, ਦੂਜਾ ਫਰਾਰ
Publish Date: Fri, 06 Mar 2026 07:26 PM (IST)
Updated Date: Sat, 07 Mar 2026 04:12 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਹਿਲਪੁਰ ਪੁਲਿਸ ਨੇ ਔਰਤ ਤੋਂ ਦਾਤਰ ਦੀ ਨੋਕ ’ਤੇ ਸੋਨੇ ਦੀ ਚੇਨ ਅਤੇ ਨਕਦੀ ਖੋਹਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਅਰਜਨਵਾਲ, ਜ਼ਿਲਾ ਜਲੰਧਰ ਵਜੋਂ ਹੋਈ ਹੈ, ਜਦਕਿ ਅੰਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਅਰਜਨਵਾਲ, ਜ਼ਿਲਾ ਜਲੰਧਰ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਮੁਤਾਬਕ ਸੋਨੀਆਂ ਪਤਨੀ ਸੰਦੀਪ ਕੁਮਾਰ ਵਾਸੀ ਪਿੰਡ ਚੇਲਾ, ਜ਼ਿਲਾ ਹੁਸ਼ਿਆਰਪੁਰ ਦਿਨ ਐਤਵਾਰ ਨੂੰ ਆਪਣੀ ਨਨਾਣ ਪੂਜਾ ਦੇਵੀ ਨਾਲ ਆਪਣੀ ਐਕਟਿਵਾ ’ਤੇ ਘਰੇਲੂ ਸਮਾਨ ਖਰੀਦਣ ਲਈ ਕੋਟ ਫਤੂਹੀ ਬਾਜ਼ਾਰ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਦੁਪਹਿਰ ਕਰੀਬ 1:30 ਵਜੇ ਪਿੰਡ ਭਗਤੂਪੁਰ ਮੋੜ ਨੇੜੇ ਪਹੁੰਚੀਆਂ ਤਾਂ ਪਿੱਛੋਂ ਇੱਕ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆ ਗਏ। ਪੁਲਿਸ ਮੁਤਾਬਕ ਮੋਟਰਸਾਈਕਲ ਚਾਲਕ ਨੇ ਸੋਨੀਆ ਦੀ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ ਅਤੇ ਕਥਿਤ ਤੌਰ ’ਤੇ ਦਾਤਰ ਕੱਢ ਕੇ ਉਸ ਦੇ ਗਲ ਵਿੱਚੋਂ ਸੋਨੇ ਦੀ ਚੇਨ, ਜਿਸ ਵਿੱਚ “ਐਸ” ਨਾਮ ਦਾ ਲਾਕਟ ਸੀ ਤੇ ਇੱਕ ਛੋਟਾ ਪਰਸ, ਜਿਸ ’ਚ ਕਰੀਬ 3,000 ਰੁਪਏ ਨਕਦ ਸਨ, ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਦੋਵੇਂ ਦੋਸ਼ੀਆਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ। ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।