ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦਾ ਅਚਾਨਕ ਦੌਰਾ
ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦਾ ਅਚਾਨਕ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
Publish Date: Fri, 06 Mar 2026 07:18 PM (IST)
Updated Date: Sat, 07 Mar 2026 04:12 AM (IST)

ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਵੱਖ-ਵੱਖ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ, ਡਾ. ਰਣਜੀਤ ਸਿੰਘ (ਜ਼ਿਲ੍ਹਾ ਪਰਿਵਾਰ ਭਲਾਈ ਅਫਸਰ), ਤਰਸੇਮ ਲਾਲ (ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ) ਅਤੇ ਰਵਿੰਦਰ ਜੱਸਲ (ਡਿਪਟੀ ਮਾਸ ਮੀਡੀਆ ਅਫਸਰ) ਹਾਜ਼ਰ ਸਨ। ਦੌਰੇ ਦੌਰਾਨ ਸਿਵਲ ਸਰਜਨ ਵੱਲੋਂ ਐਮਰਜੈਂਸੀ ਵਾਰਡ, ਲੈਬੋਰਟਰੀ, ਐਕਸ-ਰੇ ਵਿਭਾਗ, ਸਕੈਨਿੰਗ ਕਮਰਾ, ਆਈਸੀਟੀਸੀ ਕੇਂਦਰ, ਫਿਜੀਓਥੈਰਪੀ ਵਿਭਾਗ, ਫਾਰਮੇਸੀ, ਜੱਚਾ-ਬੱਚਾ ਵਾਰਡ, ਏਆਰਟੀ ਕੇਂਦਰ, ਬਾਹਰਲੀ ਮਰੀਜ਼ ਸੇਵਾਵਾਂ, ਟੀਕਾਕਰਨ ਸੇਵਾਵਾਂ, ਡਾਇਲਸਿਸ ਯੂਨਿਟ, ਪਾਵਰ ਬੈਕਅਪ, ਮੈਨ ਪਾਵਰ ਅਤੇ ਸਫਾਈ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਵੀ ਲਈ। ਡਾ. ਮਨਦੀਪ ਕਮਲ ਨੇ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਲੈਬ ਟੈਸਟਾਂ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਉਨ੍ਹਾਂ ਸਾਰੇ ਡਾਕਟਰਾਂ ਨੂੰ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਉਨ੍ਹਾਂ ਲਈ ਬੈਠਣ ਤੇ ਸਾਫ਼ ਪੀਣਯੋਗ ਪਾਣੀ ਦੀ ਵਧੀਆ ਸਹੂਲਤ ਯਕੀਨੀ ਬਣਾਈ ਜਾਵੇ। ਫਾਰਮੇਸੀ ਦੀ ਜਾਂਚ ਕਰਦੇ ਹੋਏ ਉਨ੍ਹਾਂ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਸਮੇਂ-ਸਿਰ ਮੁਹੱਈਆ ਕਰਵਾਈਆਂ ਜਾਣ ਤੇ ਦਵਾਈਆਂ ਦੀ ਘਾਟ ਤੋਂ ਪਹਿਲਾਂ ਹੀ ਲੋੜੀਂਦਾ ਸਟਾਕ ਯਕੀਨੀ ਬਣਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਸਿਵਲ ਸਰਜਨ ਨੇ ਸਮੂਹ ਸਟਾਫ਼ ਨੂੰ ਆਪਣੀਆਂ ਡਿਊਟੀਆਂ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਰੀਜ਼ਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ।