ਗੁਰਦਾਸਪੁਰ ’ਚੋਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ
ਗੁਰਦਾਸਪੁਰ ਚੌਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ
Publish Date: Fri, 06 Mar 2026 07:16 PM (IST)
Updated Date: Sat, 07 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੇ ਦਿਨ ਗੁਰਦਾਸਪੁਰ ਵਿਖੇ ਕੁੱਝ ਲੁਟੇਰਿਆਂ ਇੱਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾ ਕਰੀਬ 7 ਕਰੋੜ ਦੀ ਲੁੱਟ ਤੇ ਉਨ੍ਹਾਂ ਦੀ ਨਿੱਜੀ ਕਾਰ ਵੀ ਚੋਰੀ ਕਰ ਕੇ ਲੈ ਗਏ ਸਨ। ਲੁਟੇਰਿਆਂ ਵੱਲੋਂ ਚੋਰੀ ਕੀਤੀ ਕਾਰ ਸ਼ੁੱਕਰਵਾਰ ਦੁਪਹਿਰ ਟਾਂਡਾ ਪੁਲਿਸ ਦੀ ਮਦਦ ਨਾਲ ਗੁਰਦਾਸਪੁਰ ਪੁਲਿਸ ਵੱਲੋਂ ਟਾਂਡਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਪੰਡੋਰੀ ਨੇੜਿਓਂ ਬਰਾਮਦ ਕਰ ਲਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੁਝ ਲੁਟੇਰੇ, ਜੋ ਕਿ ਨਿਹੰਗ ਸਿੰਘਾਂ ਦੇ ਲਿਬਾਸ ’ਚ ਸਨ, ਨੇ ਗੁਰਦਾਸਪੁਰ ਸ਼ਹਿਰ ਦੀ ਜੇਲ੍ਹ ਰੋਡ ਸਥਿਤ ਦਿਨ-ਦਿਹਾੜੇ ਇੱਕ ਸੁਨਿਆਰੇ ਵਰੁਣ ਮਹਾਜਨ ਦੇ ਘਰ ਅੰਦਰ ਵੜ ਪਰਿਵਾਰ ਨੂੰ ਬੰਦੀ ਬਣਾ ਕੇ 7 ਕਰੋੜ ਰੁਪਏ ਦੇ ਗਹਿਣੇ ਤੇ ਨਕਦੀ ਲੁੱਟ ਕੇ ਲੈ ਗਏ ਤੇ ਜਾਣ ਲੱਗੇ ਸੁਨਿਆਰੇ ਦੀ ਟਾਟਾ ਹੈਰੀਅਰ ਕਾਰ ਵੀ ਲੈ ਗਏ। ਸ਼ੁੱਕਰਵਾਰ ਸਵੇਰੇ ਟਾਂਡਾ ਪੁਲਿਸ ਤੇ ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਨੇ ਟਾਂਡਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਪੰਡੋਰੀ ਨੇੜੇ ਸੜਕ ਕਿਨਾਰੇ ਖੇਤ ’ਚ ਸੁਨਿਆਰੇ ਦੀ ਚੋਰੀ ਕੀਤੀ ਕਾਰ ਬਰਾਮਦ ਕਰ ਲਈ । ਇਸ ਸਬੰਧੀ ਜਾਣਕਾਰੀ ਦਿੰਦੇ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਪੰਡੋਰੀ ਨੇੜੇ ਇੱਕ ਕਾਰ ਲਾਵਾਰਿਸ ਹਾਲਤ ’ਚ ਖੜ੍ਹੀ ਹੈ, ਜੋ ਮੌਕੇ ’ਤੇ ਜਾਣ ਤੇ ਜਾਂਚ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਕਾਰ ਗੁਰਦਾਸਪੁਰ ਲੁੱਟ ਕਾਂਡ ਨਾ ਜੁੜੀ ਹੈ, ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਗੁਰਦਾਸਪੁਰ ਸੀਆਈਏ ਸਟਾਫ ਦੇ ਐੱਸਆਈ ਬਲਜਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ ਤੇ ਕਾਂਸਟੇਬਲ ਗੁਰਦੀਪ ਸਿੰਘ ਸਮੇਤ ਮੌਕੇ ’ਤੇ ਪਹੁੰਚੇ ਤੇ ਕਾਰ ਨੂੰ ਜ਼ਬਤ ਕਰ ਲਿਆ। ਗੁਰਦਾਸਪੁਰ ਸੀਆਈਏ ਸਟਾਫ ਵਲੋਂ ਗੱਡੀ ਦੀ ਬਰਾਮਦਗੀ ਤੋਂ ਬਾਅਦ, ਪੁਲਿਸ ਫੋਰੈਂਸਿਕ ਮਾਹਿਰ ਪ੍ਰਿਯੰਕਾ ਤੇ ਫਿੰਗਰਪ੍ਰਿੰਟ ਮਾਹਿਰ ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੱਡੀ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਸੀਆਈਏ ਸਟਾਫ ਵਲੋਂ ਟਾਂਡਾ ਇਲਾਕੇ ’ਚ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਯਤਨ ਸ਼ੁਰੂ ਕੀਤਾ ਗਿਆ ਸੀ।