ਭੂ਼ੰਗਾ ’ਚ ਚੋਣ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਟਲੀ
ਭੂ਼ੰਗਾ ਵਿਖੇ ਚੇਅਰਮੈਨ ਤੇ ਉਪ
Publish Date: Fri, 06 Mar 2026 05:28 PM (IST)
Updated Date: Sat, 07 Mar 2026 04:06 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਪੰਚਾਇਤ ਸੰਮਤੀ ਭੂੰਗਾ ਵਿਖੇ ਲਵਪ੍ਰੀਤ ਸਿੰਘ ਐੱਸਡੀਐੱਮ ਟਾਂਡਾ (ਆਰਓ) ਦੀ ਅਗਵਾਈ ਹੇਠ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਸਬੰਧੀ ਪੰਚਾਇਤ ਸੰਮਤੀ ਭੁੰਗਾ ਦੇ ਮੈਬਰਾਂ ਦੀ ਮੀਟਿੰਗ ਸੱਦੀ ਗਈ ਪਰ ਆਮ ਆਦਮੀ ਪਾਰਟੀ ਦੇ ਹੀ ਮੈਬਰਾਂ ਦੀ ਚੇਅਰਮੈਨ ਸਬੰਧੀ ਆਪਸੀ ਸਹਿਮਤੀ ਨਾ ਬਣਨ ਕਾਰਨ ਇਹ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਡੀਪੀਓ ਦਫਤਰ ਭੂੰਗਾ ਵਿਖੇ ਪੰਚਾਇਤ ਸੰਮਤੀ ਭੂੰਗਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਬੰਧੀ ਸੰਮਤੀ ਦੇ 23 ਮੈਬਰਾਂ ਦੀ ਮੀਟਿੰਗ ਰੱਖੀ ਗਈ ਸੀ, ਜਿਸ ’ਚ ਡਾ. ਰਵਜੇਤ ਸਿੰਘ ਕੈਬਨਿਟ ਮੰਤਰੀ ਪੰਜਾਬ ਤੇ ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉਚੇਚੇ ਤੌਰ ’ਤੇ ਸ਼ਾਮਲ ਹੋਏ ਸਨ। ਜਾਣਕਾਰੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਭੂੰਗਾ ਦੇ ਚੇਅਰਮੈਨ ਆਹੁਦੇ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਮਾ. ਦਰਸ਼ਨ ਸਿੰਘ ਨੂਰਪੁਰ (ਜ਼ੋਨ ਧੁਤ ਕਲਾਂ) ਤੇ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਸੁਰਿੰਦਰ ਕੌਰ (ਜ਼ੋਨ ਮਨਹੋਤਾ) ਦਾ ਨਾਂ ਪੇਸ਼ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੇ ਹੀ 3 ਮੈਬਰਾਂ ਵੱਲੋਂ ਇਨ੍ਹਾਂ ’ਤੇ ਸਹਿਮਤੀ ਨਾ ਜਿਤਾਉਂਦੇ ਹੋਏ ਵਾਕਆਉਟ ਕਰ ਗਏ ਤੇ ਉਸ ਸਮੇਂ ਹੀ ਕਾਂਗਰਸ ਵੱਲੋਂ ਚੇਅਰਮੈਨ ਲਈ ਕੁਲਵਿੰਦਰ ਸਿੰਘ (ਜ਼ੋਨ ਡੱਫਰ) ਤੇ ਉਪ ਚੈਅਰਮੈਨ (ਜ਼ੋਨ ਦਾਰਾਪੁਰ) ਨੂੰ ਨਾਮਜ਼ਦ ਕੀਤਾ ਗਿਆ ਪਰ ਵੋਟਿੰਗ ਕਰਵਾਉਣ ਤੋਂ ਪਹਿਲਾਂ ਹੀ ਲਵਪ੍ਰੀਤ ਸਿੰਘ ਐੱਸਡੀਐੱਮ ਵੱਲੋਂ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਪੰਚਾਇਤ ਸੰਮਤੀ ਭੂੰਗਾ ਵਿਖੇ 23 ਸੰਮਤੀ ਮੈਂਬਰ ਹਨ, ਜਿਨ੍ਹਾਂ ’ਚ 12 ਆਮ ਆਦਮੀ ਪਾਰਟੀ, 7 ਕਾਂਗਰਸ, 3 ਸ਼੍ਰੋਮਣੀ ਅਕਾਲੀ ਦਲ ਤੇ 1 ਭਾਜਪਾ ਦੇ ਮੈਂਬਰ ਜੇਤੂ ਰਹੇ ਹਨ ਤੇ ਚੇਅਰਮੈਨ ਤੇ ਉਪ ਚੇਅਰਮੈਨ ਲਈ ਆਮ ਆਦਮੀ ਪਾਰਟੀ ਦਾ ਪੂਰਨ ਬਹੁਮਤ ਬਣਦਾ ਹੈ ਪਰ ਆਪਸੀ ਸਹਿਮਤੀ ਨਾ ਬਣਨ ਕਾਰਨ ਇਹ ਚੋਣ ਮੁਲਤਵੀ ਕਰਨੀ ਪਈ। ਇੱਥੇ ਇਹ ਵੀ ਦੱਸਦਯੋਗ ਹੈ ਕਿ ਚੋਣ ਸਮੇਂ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ, ਜਸਵੀਰ ਸਿੰਘ ਰਾਜਾ ਵਿਧਾਇਕ ਉੜਮੁੜ, ਗੁਰਵਿੰਦਰ ਸਿੰਘ ਪਾਵਲਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਵੀ ਹਾਜ਼ਰ ਸਨ ਪਰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਕ ਸਮੇਂ ਇਕਜੁੱਟ ਰੱਖਣ ’ਤੇ ਕਾਮਜਾਬ ਨਹੀ ਹੋਏ।