ਡੇਢ ਸਾਲ ਪਹਿਲਾਂ ਬਣੇ ਨੀਲੇ ਕਾਰਡ ਧਾਰਕ ਅਨਾਜ ਦੇ ਇੰਤਜ਼ਾਰ ’ਚ : ਜੀਤੂ
ਸੂਬੇ 'ਚ ਡੇਢ ਸਾਲ ਪਹਿਲਾਂ ਬਣੇ ਨੀਲੇ ਕਾਰਡ ਧਾਰਕ ਅਨਾਜ ਦੇ ਇੰਤਜ਼ਾਰ 'ਚ- ਜੀਤੂ
Publish Date: Fri, 06 Mar 2026 05:24 PM (IST)
Updated Date: Sat, 07 Mar 2026 04:06 AM (IST)

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ: ਚੋਣ ਵਰ੍ਹੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ’ਚ ਕਰੀਬ 40 ਲੱਖ ਨੀਲੇ ਕਾਰਡ ਪਰਿਵਾਰਾਂ ਨੂੰ ਜਿੱਥੇ ਮੇਰੀ ਰਸੋਈ ਯੋਜਨਾ ਤਹਿਤ ਸੂਬੇ ’ਚ ਫੂਡ ਕਿੱਟ ਲਾਭ ਦੇਣ ਦੀਆਂ ਚਰਚਾਵਾਂ ਗਰਮ ਹਨ, ਉੱਥੇ ਕਰੀਬ ਡੇਢ ਸਾਲ ਪਹਿਲਾਂ ਸਰਕਾਰੀ ਹਦਾਇਤਾਂ ਅਨੁਸਾਰ ਸੂਬੇ ’ਚ ਈ-ਸ਼ਰਮ ਧਾਰਕਾਂ ਦੇ ਬਣ ਨੀਲੇ ਕਾਰਡਧਾਰਕ ਅਨਾਜ ਦੀ ਉਡੀਕ ਲਾਈ ਬੈਠੇ ਹਨ। ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤੇ ਉੱਘੇ ਭਾਜਪਾ ਵਰਕਰ ਦਲਜੀਤ ਸਿੰਘ ਜੀਤੂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਪਹਿਲਾ ਬਲਾਕ ਤਲਵਾੜਾ ’ਚ ਫੂਡ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਈਸ਼ਰਮ ਧਾਰਕਾਂ ਦੇ ਕਰੀਬ 600 ਨਵੇਂ ਨੀਲੇ ਰਾਸ਼ਨ ਕਾਰਡ ਬਣੇ ਸਨ। ਦੋ ਵਾਰ ਈਕੇਵਾਈਸੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ। ਰਾਸ਼ਨ ਮਿਲਣ ਦੀ ਆਸ ਲਾਈ ਬੈਠੇ ਨਵੇਂ ਨੀਲੇ ਰਾਸ਼ਨ ਕਾਰਡ ਪਰਿਵਾਰ ਸਰਕਾਰੀ ਡਿਪੂਆਂ ਤੋਂ ਨਿਰਾਸ਼ ਘਰ ਵਾਪਸ ਪਰਤਦੇ ਵਕਤ ਠੱਗੇ ਠੱਗੇ ਮਹਿਸੂਸ ਕਰਦੇ ਹਨ। ਪਿਛਲੇ ਡੇਢ ਸਾਲ ਤੋਂ ਨਵੇਂ ਬਣੇ ਨੀਲੇ ਕਾਰਡਧਾਰਕਾਂ ਨੂੰ ਅਨਾਜ ਨਾ ਮਿਲਣਾ ਸਰਕਾਰ ਦੀ ਨੀਅਤ ’ਚ ਖੋਟ ਨਜ਼ਰ ਆਉਂਦਾ ਹੈ। ਉਨ੍ਹਾ ਸੂਬਾ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਚੋਣ ਵਰ੍ਹੇ ਨੂੰ ਧਿਆਨ ’ਚ ਰੱਖਦਿਆਂ ‘ਆਪ’ ਸਰਕਾਰ ‘ਮੇਰੀ ਰਸੋਈ’ ਯੋਜਨਾ ਦਾ ਸਿਆਸੀ ਲਾਹਾ ਲੈਣ ਚਾਹੁੰਦੀ ਹੈ। ਇਸ ਸਬੰਧੀ ਜ਼ਿਲ੍ਹਾ ਏਐੱਫਐੱਸਓ ਅਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਈਸ਼ਰਮ ਕਾਰਡ ਧਾਰਕਾਂ ਦੇ ਸੂਬੇ ’ਚ ਨੀਲੇ ਕਾਰਡ ਬਣਾਏ ਸਨ। ਸਾਰਿਆਂ ਦੀ ਈਕੇਵਾਈਸੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸਰਕਾਰੀ ਹੁਕਮ ਮਿਲਣ ’ਤੇ ਨਵੇਂ ਨੀਲੇ ਕਾਰਡ ਵਾਲਿਆਂ ਨੂੰ ਅਨਾਜ ਮੁਹੱਈਆ ਹੋਵੇਗਾ।