ਐੱਨਪੀਐੱਸ ਕਰਮਚਾਰੀ ਭਲਕੇ ਕਰਨਗੇ ਚੰਡੀਗੜ੍ਹ ਕੂਚ
ਅੇਨ ਪੀ ਐਸ ਕਰਮਚਾਰੀ 8 ਮਾਰਚ ਨੂੰ ਕਰਨਗੇ ਚੰਡੀਗੜ ਕੂਚ
Publish Date: Fri, 06 Mar 2026 04:57 PM (IST)
Updated Date: Sat, 07 Mar 2026 04:06 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਿਛਲੇ 4 ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਖ਼ਫ਼ਾ ਕਰਮਚਾਰੀ ਵਰਗ ਹੁਣ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦੇ ਰੌਅ ’ਚ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਤਲਵਾੜਾ ਲੋਕਲ ਯੂਨਿਟ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਤਲਵਾੜਾ ਦੇ ਸਕੱਤਰ ਨਿਰਮਲ ਸਿੰਘ ਬੱਧਣ ਨੇ ਇਕ ਮੀਟਿੰਗ ਕਰ ਕੇ ਨਵੀਂ ਪੈਨਸ਼ਨ ਯੋਜਨਾ ’ਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ’ਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ ਕਾਰਨ ਐੱਨਪੀਐੱਸ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਹੁਣ ਜਦੋਂ ਸਰਕਾਰ ਆਪਣੀ ਪਾਰੀ ਦਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਤਾਂ ਕਰਮਚਾਰੀ ਵੀ ਸਰਕਾਰ ਨੂੰ ਚੇਤਾ ਕਰਵਾਉਣਗੇ ਕਿ ਅੱਜ ਤੋਂ 4 ਸਾਲ ਪਹਿਲਾਂ ‘ਆਪ’ ਸਰਕਾਰ ਨੇ ਹਿਮਾਚਲ ਤੇ ਗੁਜਰਾਤ ਦੇ ਵੋਟਰਾਂ ਨੂੰ ਭਰਮਾਉਣ ਲਈ ਇੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਨੂੰ 4 ਸਾਲ ਬੀਤ ਜਾਣ ਬਾਅਦ ਵੀ ਲਾਗੂ ਨਹੀਂ ਕਰ ਸਕੀ। ਦੂਜੇ ਪਾਸੇ ਪੈਨਸ਼ਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਸੁਪਰੀਮ ਕੋਰਟ ਜ਼ਰੀਏ ਜਬਰੀ ਟੈੱਟ ਥੋਪ ਰਹੀ ਹੈ। ਇਸ ਲਈ 8 ਮਾਰਚ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਬਲਾਕ ਪੱਧਰੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਇਹ ਮਹਾਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ, ਕਿਉਂਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਾਮਿਸਾਲ ਇਕੱਠ ਕਰ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਵਾਂਗੇ, ਜਿਸ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਚੋਣਾਂ ’ਚ ਭੁਗਤਣਾ ਪਵੇਗਾ। ਇਹ ਮੀਟਿੰਗ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ, ਜਿਸ ’ਚ ਸੂਬਾ ਕਨਵੀਨਰ ਜਸਵੀਰ ਤਲਵਾੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਉਨ੍ਹਾਂ ਸਾਰੇ ਕਰਮਚਾਰੀਆਂ ਨਾਲ 8 ਮਾਰਚ ਦੀ ਰੈਲੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਇਸ ਮੌਕੇ ਨਿਖਿਲ ਮਹਿਤਾ, ਸੁਖਮੰਦਰ ਗਿੱਲ, ਤਰਸੇਮ ਸਿੰਘ ਸੈਣੀ, ਪਰਮਿੰਦਰ ਸਿੰਘ, ਦੀਪਕ ਸਿੰਘ ਮਨਹਾਸ, ਦਿਆਲ ਸਿੰਘ ਵਾਘ, ਮਨੋਜ ਕੁਮਾਰ, ਅਵਤਾਰ ਸਿੰਘ, ਹੁਸ਼ਿਆਰ ਸਿੰਘ, ਨਿਸ਼ਾ ਰਾਣੀ, ਸ਼ੁੱਭ ਕਾਂਤਾ, ਰਜਵੰਤ ਕੋਰ, ਬਲਵਿੰਦਰ ਕੁਮਾਰੀ ਆਦਿ ਹਾਜ਼ਰ ਸਨ।