ਪੰਚਾਇਤ ਸੰਮਤੀਆਂ ਪੇਂਡੂ ਵਿਕਾਸ ਦੀ ਮਜ਼ਬੂਤ ਕੜੀ : ਡਾ. ਇਸ਼ਾਂਕ ਕੁਮਾਰ
ਪੇਂਡੂ ਵਿਕਾਸ ਦੀ ਮਜ਼ਬੂਤ ਕੜੀ ਹੁੰਦੀਆਂ ਹਨ ਪੰਚਾਇਤ ਸੰਮਤੀਆਂ: ਡਾ. ਇਸ਼ਾਂਕ ਕੁਮਾਰ
Publish Date: Fri, 06 Mar 2026 04:53 PM (IST)
Updated Date: Sat, 07 Mar 2026 04:04 AM (IST)

ਵਿਧਾਇਕ ਚੱਬੇਵਾਲ ਨੇ ਨਵੇਂ ਚੁਣੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਨੂੰ ਦਿੱਤੀ ਵਧਾਈ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਚਾਇਤ ਸੰਮਤੀਆਂ ਪੇਂਡੂ ਵਿਕਾਸ ਵਿੱਚ ਇੱਕ ਮਜ਼ਬੂਤ ਕੜੀ ਹਨ ਅਤੇ ਇਨ੍ਹਾਂ ਸੰਸਥਾਵਾਂ ਰਾਹੀਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਗਤੀ ਮਿਲਦੀ ਹੈ। ਉਹ ਹਾਲ ਹੀ ਵਿੱਚ ਬਲਾਕ ਮਾਹਿਲਪੁਰ ਅਤੇ ਬਲਾਕ ਹੁਸ਼ਿਆਰਪੁਰ-2 ਵਿੱਚ ਹੋਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਵੇਂ ਚੁਣੇ ਗਏ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿੱਚ ਬਲਾਕ ਮਾਹਿਲਪੁਰ ਵਿੱਚ ਹੋਏ ਇੱਕ ਸਮਾਰੋਹ ਦੌਰਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਥੇ ਬਲਾਕ ਹੁਸ਼ਿਆਰਪੁਰ-2 ਵਿੱਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿੱਚ ਵੀ ਉਨ੍ਹਾਂ ਨੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵੀ ਵਧਾਈ ਦਿੱਤੀ। ਬਲਾਕ ਹੁਸ਼ਿਆਰਪੁਰ-2 ਪੰਚਾਇਤ ਸੰਮਤੀ ਲਈ ਕੁਲਵਿੰਦਰ ਕੌਰ (ਚੱਬੇਵਾਲ ਹਲਕਾ) ਨੂੰ ਚੇਅਰਮੈਨ ਤੇ ਹਰਦੀਪ ਕੌਰ (ਹੁਸ਼ਿਆਰਪੁਰ ਹਲਕਾ) ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸੇ ਤਰ੍ਹਾਂ ਬਲਾਕ ਮਾਹਿਲਪੁਰ ਪੰਚਾਇਤ ਸੰਮਤੀ ਲਈ ਰਣਜੀਤ ਕੌਰ (ਚੱਬੇਵਾਲ ਹਲਕਾ) ਨੂੰ ਚੇਅਰਮੈਨ ਤੇ ਨਵਪ੍ਰੀਤ ਕੌਰ (ਗੜ੍ਹਸ਼ੰਕਰ ਹਲਕਾ) ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਚੁਣੇ ਗਏ ਚੇਅਰਮੈਨ ਤੇ ਵਾਈਸ ਚੇਅਰਮੈਨ ਜਨਤਾ ਦੀਆਂ ਉਮੀਦਾਂ ’ਤੇ ਖਰੇ ਉਤਰਦੇ ਹੋਏ ਪਾਰਦਰਸ਼ਤਾ ਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਵਚਨਬੱਧ ਹੈ ਅਤੇ ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਵਿਧਾਇਕ ਨੇ ਸਾਰੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਨ ਅਤੇ ਹਲਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।